ਰਾਜਿੰਦਰ ਵਰਮਾ
ਭਦੌੜ, 4 ਫਰਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਧਾਨ ਸਭਾ ਹਲਕਾ ਭਦੌੜ ਤੋਂ ਵੀ ਚੋਣ ਲੜਨ ਦੇ ਐਲਾਨ ਮਗਰੋਂ ਇੱਥੇ ਚੰਨੀ ਦੀ ਘੇਰਾਬੰਦੀ ਸ਼ੁਰੂ ਹੋ ਗਈ ਹੈ। ਅੱਜ ਕੱਚੇ ਅਧਿਆਪਕਾਂ ਨੇ ਭਦੌੜ ਵਿੱਚ ਚੰਨੀ ਦੀ ਆਮਦ ਤੋਂ ਪਹਿਲਾਂ ਵੱਖ-ਵੱਖ ਪਿੰਡਾਂ ’ਚ ਰੋਸ ਮੁਜ਼ਾਹਰੇ ਕਰ ਕੇ ਚੰਨੀ ਸਰਕਾਰ ਦੀਆਂ ਨਾਕਾਮੀਆਂ ਬਾਰੇ ਪ੍ਰਚਾਰ ਕੀਤਾ। ਯੂਨੀਅਨ ਦੇ ਸੂਬਾਈ ਕਨਵੀਨਰ ਜਸਵੰਤ ਸਿੰਘ ਪੰਨੂ, ਕੁਲਦੀਪ ਸਿੰਘ ਭਦੌੜ ਅਤੇ ਕੁਲਵਿੰਦਰ ਸਿੰਘ ਨੇ ਕਸਬੇ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਮੁੱਖ ਮੰਤਰੀ ਚੰਨੀ ਦੀਆਂ ਵਾਅਦਾਖ਼ਿਲਾਫ਼ੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਤੋਂ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਸਰਕਾਰ ਨੇ ਚੰਨੀ ਦੀ ਫੋਟੋ ਲਗਾ ਕੇ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਬੋਰਡ ਲਾਏ ਹਨ ਪਰ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ। ਕੱਚੇ ਮੁਲਾਜ਼ਮ ਅੱਜ ਵੀ ਸੜਕਾਂ ’ਤੇ ਰੁਲ ਰਹੇ ਹਨ। ਸਰਕਾਰ ਨੇ ਸਿਰਫ਼ ਐਲਾਨ ਹੀ ਕੀਤੇ ਹਨ, ਲਾਗੂ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 13 ਹਜ਼ਾਰ ਕੱਚੇ ਅਧਿਆਪਕ ਪਿਛਲੇ 18 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸਿਰਫ਼ ਛੇ ਹਜ਼ਾਰ ਰੁਪਏ ਦੀਆਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ, ਜੋ ਮਨਰੇਗਾ ਮਜ਼ਦੂਰਾਂ ਤੋਂ ਵੀ ਘੱਟ ਹੈ।