ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਪਟਿਆਲਾ, 7 ਦਸੰਬਰ
ਪਟਿਆਲਾ ਰੇਲਵੇ ਸਟੇਸ਼ਨ ’ਤੇ ਮੁੱਖ ਸੁਪਰਡੈਂਟ ਤੇ ਹਾਕੀ ਦੀ ਕੌਮਾਂਤਰੀ ਖਿਡਾਰਨ ਸੰਦੀਪ ਕੌਰ ਨੇ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਆਪਣੇ ਮੈਡਲ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸੰਦੀਪ ਕੌਰ ਨੇ 1994 ਏਸ਼ੀਆ ਕੱਪ ਵਿੱਚ ਭਾਗ ਲਿਆ ਸੀ ਤੇ 1998 ਏਸ਼ੀਅਨ ਖੇਡਾਂ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ, 1998 ਵਰਲਡ ਕੱਪ ਹਾਕੀ ਦੀ ਟੀਮ ਦੀ ਕਪਤਾਨੀ ਕੀਤੀ। ਉਨ੍ਹਾਂ ਨੇ 5 ਕੌਮਾਂਤਰੀ ਤੇ 20 ਕੌਮੀ ਮੈਡਲ ਹਾਸਲ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਇਸੇ ਦੌਰਾਨ ਪੰਜਾਬ ਪੁਲੀਸ ’ਚੋਂ ਏਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਘੁੰਮਣ ਭਰਾਵਾਂ ਨੇ ‘ਰਾਸ਼ਟਰਪਤੀ ਪੁਲੀਸ ਮੈਡਲ’ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚੋਂ ਮੁੱਕੇਬਾਜ਼ ਰਹੇ ਦਵਿੰਦਰ ਸਿੰਘ ਘੁੰਮਣ ਨੂੰ ਇਹ ਮੈਡਲ 2006 ਵਿੱਚ ਅਤੇ ਅਮਰਜੀਤ ਸਿੰਘ ਘੁੰਮਣ ਨੂੰ 2012 ਵਿੱਚ ਮਿਲਿਆ ਸੀ।