ਰਾਮ ਸਰਨ ਸੂਦ
ਅਮਲੋਹ, 30 ਅਕਤੂਬਰ
ਸਵਰਗੀ ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਅਮਲੋਹ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਅਮਲੋਹ ਦੇ ਗਰਾਊਂਡ ਵਿੱਚ ਚੱਲ ਰਹੇ ਤਿੰਨ ਰੋਜ਼ਾ ਆਲ ਇੰਡੀਆ ਹਾਕੀ ਮਹਾਂਕੁੰਭ ਦੇ ਅੱਜ ਦੂਜੇ ਦਿਨ ਦਿਲਚਸਪ ਮੁਕਾਬਲੇ ਹੋਏ। ਇਸ ਮੌਕੇ ਓਲੰਪੀਅਨ ਮਨਦੀਪ ਕੌਰ ਡੀਐੱਸਪੀ ਪੰਜਾਬ ਪੁਲੀਸ, (ਰਿਟਾ.) ਆਈਆਰਐੱਸ ਓਲੰਪੀਅਨ ਇਕਬਾਲਜੀਤ ਸਿੰਘ ਗਰੇਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਦੇ ਪ੍ਰਿੰਸੀਪਲ ਆਰ.ਕੇ ਸ਼ਰਮਾ ਅਤੇ ਇਕਬਾਲ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਵਿਰਕ, ਜਨਰਲ ਸਕੱਤਰ ਤਨਦੀਪ ਸਿੰਘ ਬਦੇਸ਼ਾ, ਖ਼ਜ਼ਾਨਚੀ ਸੰਦੀਪ ਸਿੰਘ ਸੰਮੀ ਤੇ ਸਲਾਹਕਾਰ ਗੁਰਪ੍ਰੀਤ ਸਿੰਘ ਮਰਾਰੜ੍ਹੂ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ਦੌਰਾਨ ਬਸੀ ਪਠਾਣਾਂ ਕਲੱਬ ਨੇ ਸਰੀ ਹਾਕੀ ਕਲੱਬ ਜਲੰਧਰ ਨੂੰ 2-1, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹਰਜੀਤ ਹੁੰਦਲ ਕਲੱਬ ਅਮਲੋਹ ਨੂੰ 3-1, ਰੀਤੂ ਰਾਣੀ ਕਲੱਬ ਪਟਿਆਲਾ ਨੇ ਗੋਪਾਲ ਅਕੈਡਮੀ ਕਰਾਲੀ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜੇਤੂ ਟੀਮਾਂ ਦੇ ਸੈਮੀਫਾਈਨਲ ਮੁਕਾਬਲੇ 31 ਅਕਤੂਬਰ ਨੂੰ ਕਰਵਾਏ ਜਾਣਗੇ ਅਤੇ ਫਾਈਨਲ ਮੁਕਾਬਲਾ ਵੀ ਬਾਹਦ ਦੁਪਹਿਰ ਹੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਪਵਨ ਕੈਨੇਡਾ ਤੇ ਦੂਜਾ ਇਨਾਮ 31 ਹਜ਼ਾਰ ਰੁਪਏ ਸਿਮਰਨ ਦਿਓਲ ਵੱਲੋਂ ਦਿੱਤਾ ਜਾਵੇਗਾ, ਜਦਕਿ 4 ਸਰਬੋਤਮ ਖਿਡਾਰੀਆਂ ਨੂੰ ਦਮਨ ਟਰਾਂਸਪੋਰਟ ਵੱਲੋਂ 4 ਸਾਈਕਲ ਦਿੱਤੇ ਜਾਣਗੇ।