ਸ਼ਿਮਲਾ, 11 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਕਾਰ ਖੰਭੇ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪੰਜਾਬ ਦੇ ਰੋਪੜ ਦਾ ਵਸਨੀਕ ਵੀ ਸ਼ਾਮਲ ਹੈ। ਇਹ ਹਾਦਸਾ ਪਿੰਡ ਕੁਠਾਰ ਕਲਾਂ ਨੇੜੇ ਰਾਤ 12.30 ਵਜੇ ਦੇ ਕਰੀਬ ਹੋਇਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਿੰਨ ਜ਼ਖਮੀਆਂ ਨੂੰ ਊਨਾ ਦੇ ਖੇਤਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਮਰਨ ਵਾਲਿਆਂ ਵਿੱਚ ਚਾਰ ਊਨਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਸਨ, ਜਦਕਿ ਇੱਕ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਵਸਨੀਕ ਸੀ।