ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਈ
ਮੁੱਖ ਅੰਸ਼
- ਵਿਸ਼ਵਾਸ ਮੁਤਾਬਕ ਐਫਆਈਆਰ ‘ਸਿਆਸਤ ਤੋਂ ਪ੍ਰੇਰਿਤ’
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਦੀ ਗ੍ਰਿਫ਼ਤਾਰੀ ਉਤੇ ਰੋਕ ਲਾ ਦਿੱਤੀ ਹੈ। ਅਦਾਲਤ ਦੇ ਇਸ ਹੁਕਮ ਨਾਲ ਪੰਜਾਬ ਸਰਕਾਰ ਨੂੰ ਝਟਕਾ ਲੱਗਾ ਹੈ। ਵਿਸ਼ਵਾਸ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਸ ਖ਼ਿਲਾਫ਼ ਦਰਜ ਕੇਸ ‘ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਕਰ ਕੇ ਦਰਜ ਕੀਤਾ ਗਿਆ ਹੈ ਤੇ ਸਿਆਸਤ ਤੋਂ ਪ੍ਰੇਰਿਤ ਹੈ।’ ਉਨ੍ਹਾਂ ਨਾਲ ਹੀ ਕਿਹਾ ਸੀ ਕਿ ਜਿਸ ਢੰਗ ਨਾਲ ਪੁਲੀਸ ਮਾਮਲੇ ਵਿਚ ਅੱਗੇ ਵੱਧ ਰਹੀ ਹੈ, ਸਪੱਸ਼ਟ ਹੈ ਕਿ ਉਹ ਪਟੀਸ਼ਨਕਰਤਾ ਦੀ ਆਜ਼ਾਦੀ ’ਚ ਅੜਿੱਕਾ ਖੜ੍ਹਾ ਕਰ ਰਹੀ ਹੈ। ਪੰਜਾਬ ਪੁਲੀਸ ਨੇ 12 ਅਪਰੈਲ ਨੂੰ ਕੁਮਾਰ ਵਿਸ਼ਵਾਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਿਸ਼ਵਾਸ ਦੇ ਵਕੀਲਾਂ ਨੇ ਦੱਸਿਆ ਕਿ ਅਦਾਲਤ ਨੇ ਗ੍ਰਿਫ਼ਤਾਰੀ ਉਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਆਉਣ ਦੇ ਮਹਿਜ਼ ਦੋ ਘੰਟਿਆਂ ਦੇ ਅੰਦਰ ਬਿਨਾਂ ਕਿਸੇ ਮੁੱਢਲੀ ਜਾਂਚ ਐਫਆਈਆਰ ਦਰਜ ਕਰ ਲਈ ਗਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਵਿਸ਼ਵਾਸ ਦੀ ਭੜਕਾਊ ਬਿਆਨਬਾਜ਼ੀ ਕਾਰਨ ‘ਆਪ’ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸੁਣਵਾਈ ਕਰ ਰਹੇ ਜਸਟਿਸ ਅਨੂਪ ਚਿਤਕਾਰਾ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਸ਼ਵਾਸ ਖ਼ਿਲਾਫ਼ ਐਫਆਈਆਰ ‘ਰਾਜਨੀਤੀ ਤੋਂ ਪ੍ਰੇਰਿਤ ਸੀ।’ ਜਸਟਿਸ ਚਿਤਕਾਰਾ ਨੇ ਵਿਸ਼ਵਾਸ ਖ਼ਿਲਾਫ਼ ਅਗਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ। ਅਗਲੀ ਸੁਣਵਾਈ ਲਈ 4 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨਾਲ ਵਾਪਰੀ ਘਟਨਾ ਕੁਮਾਰ ਵਿਸ਼ਵਾਸ ਦੀਆਂ ਟਿੱਪਣੀਆਂ ਤੋਂ 8 ਹਫ਼ਤਿਆਂ ਬਾਅਦ ਹੋਈ ਸੀ ਤੇ ਇਸ ਨੂੰ ਬਿਆਨਬਾਜ਼ੀ ਨਾਲ ਜੋੜਨਾ ਜਾਇਜ਼ ਨਹੀਂ ਜਾਪਦਾ। ਐਫਆਈਆਰ ਰੱਦ ਕਰਾਉਣ ਲਈ ਵਿਸ਼ਵਾਸ ਨੇ ਪਿਛਲੇ ਹਫ਼ਤੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਨੇ 27 ਅਪਰੈਲ ਨੂੰ ਪਟੀਸ਼ਨ ’ਤੇ ਸੁਣਵਾਈ ਕੀਤੀ ਸੀ ਤੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਸ਼ਵਾਸ ਨੇ ਕੇਜਰੀਵਾਲ ਉਤੇ ‘ਕੁਝ ਸ਼ਰਾਰਤੀ ਤੇ ਸਮਾਜ-ਵਿਰੋਧੀ ਤੱਤਾਂ’ ਦੀ ਹਮਾਇਤ ਕਰਨ ਦਾ ਦੋਸ਼ ਲਾਇਆ ਸੀ। ਪੰਜਾਬ ਪੁਲੀਸ 20 ਅਪਰੈਲ ਨੂੰ ਸਾਬਕਾ ‘ਆਪ’ ਆਗੂ ਜੋ ਕਿ ਕਵੀ ਵੀ ਹਨ, ਦੇ ਗਾਜ਼ੀਆਬਾਦ ਸਥਿਤ ਘਰ ਗਈ ਸੀ। ਪੁਲੀਸ ਟੀਮ ਨੇ ਵਿਸ਼ਵਾਸ ਨੂੰ ਪੁੱਛਗਿੱਛ ਲਈ ਸੰਮਨ ਦਿੱਤੇ ਸਨ।
ਅਲਕਾ ਲਾਂਬਾ ਵੱਲੋਂ ਵੀ ਰੂਪਨਗਰ ਵਿੱਚ ਦਰਜ ਕੇਸ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ
ਰੂਪਨਗਰ (ਜਗਮੋਹਨ ਸਿੰਘ): ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ਿਲਾਫ਼ ਟਿੱਪਣੀਆਂ ਕਰਨ ਸਬੰਧੀ ਰੂਪਨਗਰ ਪੁਲੀਸ ਵੱਲੋਂ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਕੀਤੇ ਗਏ ਕੇਸ ਵਿੱਚ ਨਾਮਜ਼ਦ ਦਿੱਲੀ ਦੀ ਕਾਂਗਰਸੀ ਅਲਕਾ ਲਾਂਬਾ ਵੀ ਪੰਜਾਬ ਤੇ ਹਰਿਆਣਾ ਕੋਰਟ ਪੁੱਜ ਗਈ ਹੈ। ਅਲਕਾ ਲਾਂਬਾ ਨੇ ਦੱਸਿਆ ਕਿ ਉਹ ਪੰਜ ਮਈ ਨੂੰ ਕੇਸ ਦੀ ਸੁਣਵਾਈ ਲਈ ਚੰਡੀਗੜ੍ਹ ਹਾਈ ਕੋਰਟ ਜਾਣਗੇ। ਰੂਪਨਗਰ ਪੁਲੀਸ ਨੇ 12 ਅਪਰੈਲ ਨੂੰ ਇੱਥੋਂ ਦੇ ਥਾਣਾ ਸਦਰ ਵਿੱਚ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਕੇ ਜਾਂਚ ਦੌਰਾਨ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਵੀ ਕੇਸ ਵਿੱਚ ਸ਼ਾਮਿਲ ਕਰ ਲਿਆ ਸੀ। ਦੋਵਾਂ ਨੂੰ ਥਾਣਾ ਸਦਰ ਰੂਪਨਗਰ ਵਿੱਚ 26 ਅਪਰੈਲ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਪੁਲੀਸ ਨੇ ਐਨ ਮੌਕੇ ’ਤੇ ਪੇਸ਼ੀ ਦਾ ਸਮਾਂ ਬਦਲ ਕੇ 26 ਅਪਰੈਲ ਦੀ ਬਜਾਇ 27 ਅਪਰੈਲ ਕਰ ਦਿੱਤਾ ਸੀ। ਇਸ ਦੌਰਾਨ ਅਲਕਾ ਲਾਂਬਾ ਰੂਪਨਗਰ ਪਲੀਸ ਕੋਲ ਪੇਸ਼ ਹੋਈ ਸੀ।