ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੂਨ
ਨਸ਼ਾ ਤਸਕਰੀ ਸਬੰਧੀ ਦਰਜ ਇੱਕ ਕੇਸ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਅਕਾਲੀ ਨੇਤਾ ਬਿਕਰਮ ਮਜੀਠੀਆ ਵੱਲੋਂ ਆਪਣੀ ਜ਼ਮਾਨਤ ਸਬੰਧੀ ਦਾਇਰ ਕੀਤੀ ਗਈ ਅਰਜ਼ੀ ’ਤੇ ਸੁਣਵਾਈ ਮਗਰੋਂ ਹਾਈ ਕੋਰਟ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਜ਼ਮਾਨਤ ਮਨਜ਼ੂਰ ਹੋਣ ਦੀ ਅਫਵਾਹ ਕਈ ਵਾਰ ਉੱਡੀ, ਜਿਸ ਤਹਿਤ ਰਿਹਾਈ ਹੋਣ ਦੀ ਸੂਰਤ ’ਚ ਹਮਾਇਤੀ ਦਿਨ ਭਰ ਪੱਬਾਂ ਭਾਰ ਹੋਏ ਰਹੇ। ਰਿਹਾਈ ਬਾਰੇ ਜਾਨਣ ਲਈ ਦੂਰ-ਦੁਰਾਡਿਓਂ ਪੱਤਰਕਾਰਾਂ ਨੂੰ ਫੋਨ ਆਉਂਦੇ ਰਹੇ ਪਰ ਅਸਲੀਅਤ ਇਹ ਸੀ ਕਿ ਮਜੀਠੀਆ ਦੀ ਅੱਜ ਹਰੀਕੇ ਪੱਤਣ ਵਿੱਚ ਸੜਕੀ ਆਵਾਜਾਈ ਰੋਕਣ ’ਤੇ ਆਧਾਰਤ ਇੱਕ ਸਧਾਰਨ ਕੇਸ ਵਿੱਚੋਂ ਜ਼ਮਾਨਤ ਮਨਜ਼ੂਰ ਹੋਈ ਸੀ, ਜਿਸ ਕਾਰਨ ਦਿਨ ਭਰ ਭੰਬਲਭੂਸਾ ਬਣਿਆ ਰਿਹਾ।