ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 8 ਮਾਰਚ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੁਲੀਸ ਵੱਲੋਂ ਜ਼ਬਤ ਕੀਤੀ ਫਾਰਚੂਨਰ ਕਾਰ ਮਾਲਖ਼ਾਨੇ ਵਿਚ ਜਮ੍ਹਾਂ ਨਾ ਕਰਵਾਉਣ ’ਤੇ ਮਾਡਲ ਥਾਣਾ ਦਾਖਾ ਦੇ ਤਤਕਾਲੀ ਐਸ.ਐਚ.ਓ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਵੱਲੋਂ ਇਕ ਸਕੂਟਰੀ ਦਾ ਫ਼ਰਜ਼ੀ ਨੰਬਰ ਲਾ ਕੇ ਕਈ ਸਾਲਾਂ ਤੱਕ ਚਲਾਉਣ ਦਾ ਨੋਟਿਸ ਲਿਆ ਹੈ। ਅਦਾਲਤ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ, ਡਾਇਰੈਕਟਰ ਜਨਰਲ ਪੰਜਾਬ ਪੁਲੀਸ, ਜ਼ਿਲ੍ਹਾ ਪੁਲੀਸ ਮੁਖੀ ਲੁਧਿਆਣਾ (ਦਿਹਾਤੀ), ਇੰਚਾਰਜ ਸਪੈਸ਼ਲ ਬਰਾਂਚ ਲੁਧਿਆਣਾ (ਦਿਹਾਤੀ) ਪ੍ਰੇਮ ਸਿੰਘ ਭੰਗੂ ਸਮੇਤ ਬੀਮਾ ਕੰਪਨੀ ਤੋਂ ਜਵਾਬ ਤਲਬ ਕੀਤਾ ਹੈ। ਜਸਟਿਸ ਅਲਕਾ ਸਰੀਨ ਦੀ ਅਦਾਲਤ ਨੇ ਮੁੱਢਲੀ ਸੁਣਵਾਈ ਬਾਅਦ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਦੋ ਅਦਾਲਤੀ ਮਾਮਲਿਆਂ ਦੀ ਮਿਲਖ ਨੂੰ ਫ਼ਰਜ਼ੀ ਨੰਬਰ ਲਾ ਕੇ ਵਰਤੇ ਜਾਣ ਬਾਰੇ ਸਰਕਾਰ ਤੋਂ ਜਵਾਬ ਮੰਗਿਆ ਹੈ ਪਰ ਸਰਕਾਰੀ ਵਕੀਲ ਏ.ਕੇ ਖੁਰਾਣਾ ਵੱਲੋਂ ਜਵਾਬ ਦਾਖਲ ਕਰਨ ਲਈ ਸਮਾਂ ਮੰਗਣ ’ਤੇ ਅਦਾਲਤ ਨੇ 19 ਅਪਰੈਲ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ।
ਮੁੱਲਾਂਪੁਰ ਦੇ ਢਾਬਾ ਮਾਲਕ ਰਾਵਿੰਦਰ ਪਾਲ ਨੇ ਇਸ ਮਾਮਲੇ ਵਿਚ ਪਟੀਸ਼ਨ ਦਾਖਲ ਕਰ ਕੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਸੀ। 14 ਅਗਸਤ 2017 ਨੂੰ ਇਕ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ਸਾਹਮਣੇ ਪੀਬੀ 10 ਐਫਯੂ 0501 ਫਾਰਚੂਨਰ ਹਥਿਆਰਾਂ ਦੀ ਨੋਕ ’ਤੇ ਖੋਹ ਲਈ ਗਈ ਸੀ, ਇਸ ਬਾਰੇ ਥਾਣਾ ਦਾਖਾ ਵਿਚ 15 ਅਗਸਤ 2017 ਨੂੰ ਕੇਸ ਦਰਜ ਹੋਇਆ ਸੀ। ਉਧਰ ਮੁਹਾਲੀ ਜ਼ਿਲ੍ਹੇ ਦੇ ਥਾਣਾ ਜ਼ੀਰਕਪੁਰ ਵਿਚ 4 ਫਰਵਰੀ 2018 ਨੂੰ ਅਜਿਹੀ ਹੀ ਘਟਨਾ ਸਬੰਧੀ ਕੇਸ ਦਰਜ ਹੋਇਆ ਸੀ, ਜਿਸ ਦੀ ਜਾਂਚ ਦੌਰਾਨ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਤੋਂ ਮੁਲਜ਼ਮ ਬੂਟਾ ਸਿੰਘ ਦੇ ਘਰੋਂ ਇਹ ਲਗਜ਼ਰੀ ਕਾਰ 9 ਫਰਵਰੀ 2018 ਨੂੰ ਬਰਾਮਦ ਹੋ ਗਈ ਸੀ। ਕਾਰ ਦੇ ਅਸਲ ਮਾਲਕ ਅਗਰ ਨਗਰ (ਲੁਧਿਆਣਾ) ਵਾਸੀ ਸੌਰਭ ਜੈਨ ਨੇ ਘਟਨਾ ਦੇ ਤਿੰਨ ਮਹੀਨੇ ਬਾਅਦ ਇਸ ਕਾਰ ਦੀ ਕੀਮਤ ਬੀਮਾ ਕੰਪਨੀ ਤੋਂ ਵਸੂਲ ਕਰ ਲਈ ਸੀ ਅਤੇ ਟਰਾਂਸਪੋਰਟ ਅਥਾਰਿਟੀ ਨੇ ਕਾਰ ਦਾ ਰਜਿਸਟਰੇਸ਼ਨ ਨੰਬਰ ਬਲਾਕ ਕਰ ਦਿੱਤਾ ਸੀ। ਥਾਣਾ ਦਾਖਾ ਦੀ ਪੁਲੀਸ ਨੇ 13 ਮਾਰਚ 2018 ਨੂੰ ਇਹ ਫਾਰਚੂਨਰ ਥਾਣਾ ਜ਼ੀਰਕਪੁਰ ਤੋਂ ਕਬਜ਼ੇ ਵਿਚ ਲੈ ਕੇ 29 ਅਪਰੈਲ 2018 ਨੂੰ ਲੁਧਿਆਣਾ ਦੀ ਅਦਾਲਤ ਵਿਚ ਚਲਾਨ ਵੀ ਪੇਸ਼ ਕਰ ਦਿੱਤਾ ਪਰ ਦੋ ਅਦਾਲਤੀ ਕੇਸਾਂ ਦੀ ਮਿਲਖ ਨੂੰ ਮਾਲਖ਼ਾਨੇ ਵਿਚ ਜਮ੍ਹਾਂ ਕਰਨ ਦੀ ਥਾਂ ਉਸ ਵੇਲੇ ਦਾਖਾ ਥਾਣੇ ਦੇ ਮੁਖੀ ਪ੍ਰੇਮ ਸਿੰਘ ਭੰਗੂ ਨੇ ਇਕ ਸਕੂਟਰੀ ਦਾ ਫ਼ਰਜ਼ੀ ਨੰਬਰ ਪੀਬੀ 10 ਏ ਜ਼ੈਡ 1500 ਲਾ ਕੇ ਖ਼ੁਦ ਵਰਤਣੀ ਸ਼ੁਰੂ ਕਰ ਦਿੱਤੀ।