ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਹਨ। ਉਨ੍ਹਾਂ ਕਿਹਾ ਚਰਨਜੀਤ ਸਿੰਘ ਚੰਨੀ ਦੇ ਕੰਮ ਅਤੇ ਕਾਰਗੁਜ਼ਾਰੀ ਦੇਖਿਆਂ ਬਿਨਾਂ ਹੀ ਹਰੀਸ਼ ਰਾਵਤ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਂ ਮੁੱਖ ਮੰਤਰੀ ਵਜੋਂ ਐਲਾਨ ਕੀਤੇ ਜਾਣ ਨਾਲ ਇਹ ਗੱਲ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਸਿਰਫ਼ ਦਲਿਤ ਭਾਈਚਾਰੇ ਦੀਆਂ ਵੋਟਾਂ ਲੈਣ ਲਈ ਖੇਡਿਆ ਇੱਕ ਸਿਆਸੀ ਪੱਤਾ ਹੈ। ਕਾਂਗਰਸ ਨੇ ਅਜਿਹੀ ਚਾਲ ਚੱਲ ਕੇ ਆਪਣੀ ਮਾੜੀ ਅਤੇ ਮੌਕਾਪ੍ਰਸਤ ਸੋਚ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦਾ ਅਗਲਾ ਮੁੱਖ ਮੰਤਰੀ ਦਾ ਫ਼ੈਸਲਾ ਤਾਂ ਪੰਜਾਬ ਦੇ ਲੋਕ ਹੀ ਕਰਨਗੇ ਪਰ ਕਾਂਗਰਸ ਵੱਲੋਂ ਪਹਿਲਾਂ ਹੀ ਸਿੱਧੂ ਦਾ ਨਾਂ ਮੁੱਖ ਮੰਤਰੀ ਵਜੋਂ ਪ੍ਰਚਾਰੇ ਜਾਣ ਤੋਂ ਪਤਾ ਲਗਦਾ ਹੈ ਕਿ ਕਾਂਗਰਸ ਨੂੰ ਨਵੇਂ ਥਾਪੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਬਲੀਅਤ ’ਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀਆਂ ਚਾਲਾਂ ਨੂੰ ਕਮਯਾਬ ਨਹੀਂ ਹੋਣ ਦੇਣਗੇ। ਅਕਾਲੀ ਦਲ (ਸੰਯੁਕਤ) ਦਾ ਮੰਨਣਾ ਹੈ ਕਿ ਮੁੱਖ ਮੰਤਰੀ ਭਾਵੇਂ ਕਿਸੇ ਵੀ ਭਾਈਚਾਰੇ ਜਾਂ ਵਰਗ ਦਾ ਹੋਵੇ ਪਰ ਉਹ ਸੂਬੇ ਦੀ ਬਿਹਤਰੀ ਲਈ ਕੰਮ ਕਰਦਾ ਹੋਣਾ ਚਾਹੀਦਾ ਹੈ।