ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਗਸਤ
ਅੰਮ੍ਰਿਤਸਰ ਖੇਤਰ ਦੇ ਸਰਹੱਦੀ ਪਿੰਡ ਡਾਲੇਕੇ ’ਚੋਂ ਟਿਫਿਨ ਬੰਬ ਬਰਾਮਦ ਹੋਣ ਬਾਅਦ ਸੂਬੇ ’ਚ ਪੁਲੀਸ ਨੂੰ ਹਾਈ ਅਲਰਟ ਕੀਤਾ ਗਿਆ ਹੈ। ਆਜ਼ਾਦੀ ਦਿਹਾੜੇ ਉੱਤੇ ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਪੁਲੀਸ ਕਮਿਸ਼ਨਰ ਅਤੇ ਸੂਬੇ ਭਰ ’ਚ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਐੱਸਪੀ ਪੱਧਰ ਦੇ 22 ਹੋਰ ਨਵੇਂ ਅਧਿਕਾਰੀ ਲਗਾ ਦਿੱਤੇ ਹਨ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਅਤੇ ਐੱਸਅੱਸਪੀ ਹਰਮਨਬੀਰ ਸਿੰਘ ਗਿੱਲ ਦੀਆਂ ਹਦਾਇਤਾਂ ਉੱਤੇ ਵਿਸੇਸ਼ ਨਾਕਾਬੰਦੀ ਕਰਕੇ ਵਾਹਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਖੇਤਰ ਵਿੱਚ ਸਤਲੁਜ ਦਰਿਆ ਤੇ ਹੋਰ ਕਈ ਅਹਿਮ ਸਥਾਨਾ ਉੱਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਸੂਬੇ’ਚ ਹਾਈਅਲਰਟ ਦੌਰਾਨ ਆਜ਼ਾਦੀ ਦਿਹਾੜੇ ’ ਤੇ ਸੁਰੱਖਿਆ ਦੀ ਪੁਖਤਾ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਲੋਕਾਂ ਦੀ ਗਤੀਵਿਧੀ ਉੱਤੇ ਨਜ਼ਰ ਰੱਖਣ ਲਈ ਪੁਲੀਸ ਅਤੇ ਖੁਫੀਆ ਏਜੰਸੀਆਂ ਸੁਚੇਤ ਹੋ ਗਈਆਂ ਹਨ। ਏਅਰਪੋਰਟ, ਬੱਸ ਅੱਡਿਆਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਸਥਾਨਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗਸ਼ਤ ਤੇਜ਼ ਕਰਨ ਤੋਂ ਇਲਾਵਾ ਸੂਬਾ ਭਰ ’ਚ ਪੁਲੀਸ ਵੱਲੋਂ ਅੰਤਰ ਜ਼ਿਲ੍ਹਾ ਹੱਦਾਂ ਉੱਤੇ ਨਾਕੇ ਲਗਾਏ ਗਏ ਹਨ ਅਤੇ ਹਰ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ।