ਸੰਜੀਵ ਹਾਂਡਾ
ਫ਼ਿਰੋਜ਼ਪੁਰ,14 ਅਕਤੂਬਰ
ਫ਼ਿਰੋਜ਼ਪੁਰ ਪੁਲੀਸ ਨੇ ਸਮਗਲਰ ਨੂੰ ਕਾਬੂ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਨੌਂ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਦੀ ਕੀਮਤ 45 ਕਰੋੜ ਰੁਪਏ ਹੈ। ਸੀਨੀਅਰ ਪੁਲੀਸ ਕਪਤਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਵੰਤ ਸਿੰਘ ਅਤੇ ਏਐੱਸਆਈ ਰਜਿੰਦਰ ਪਾਲ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕ੍ਰਿਸ਼ਨ ਸਿੰਘ ਵਾਸੀ ਲਾਲੂ ਵਾਲਾ ਥਾਣਾ ਮੱਖੂ ਹੈਰੋਇਨ ਦੀ ਸਮਗਲਿੰਗ ਕਰਦਾ ਹੈ ਤੇ ਇਸ ਦੇ ਪਾਕਿਸਤਾਨੀ ਸਮਗਲਰਾਂ ਨਾਲ ਸਬੰਧ ਹਨ। ਪੁਲੀਸ ਨੂੰ ਇਹ ਜਾਣਕਾਰੀ ਵੀ ਮਿਲੀ ਸੀ ਕਿ ਮੁਲਜ਼ਮ ਕ੍ਰਿਸ਼ਨ ਨੇ ਹੁਣ ਵੀ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਹੈ ਜੋ ਅੱਗੇ ਸਪਲਾਈ ਕੀਤੀ ਜਾਣੀ ਹੈ। ਇਸ ਸੂਚਨਾ ਦੇ ਅਧਾਰ ’ਤੇ ਪੁਲੀਸ ਨੇ ਕ੍ਰਿਸ਼ਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੀ ਨਿਸ਼ਾਨਦੇਹੀ ’ਤੇ ਮਮਦੋਟ ਖੇਤਰ ਵਿਚ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਇਲਾਕੇ ਵਿਚ ਲੁਕਾ ਕੇ ਰੱਖੀ 9 ਕਿਲੋ ਹੈਰੋਇਨ ਬਰਾਮਦ ਹੋਈ। ਕ੍ਰਿਸ਼ਨ ਸਿੰਘ ਖ਼ਿਲਾਫ਼ ਥਾਣਾ ਮਮਦੋਟ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।