ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 26 ਅਗਸਤ
ਪੰਜਾਬ ਪੁਲੀਸ ਨੇ ਪਾਬੰਦੀਸ਼ੁਦਾ ਖਾਲਿਸਤਾਨ ਲਬਿਰੇਸ਼ਨ ਫੋਰਸ (ਕੇਐਲਐਫ) ਨਾਲ ਸਬੰਧਤ ਇੱਕ ਅੰਤਰਰਾਸ਼ਟਰੀ ਨਾਰਕੋ-ਟੈਰੋਰਿਜ਼ਮ ਰੈਕੇਟ ਦਾ ਪਰਦਾਫਾਸ਼ ਕਰਦਿਆਂ ਲੋੜੀਂਦੇ ਹੈਰੋਇਨ ਤਸਕਰ ਰਾਜਿੰਦਰ ਸਿੰਘ ਉਰਫ਼ ਗੰਜਾ ਉਰਫ਼ ਮਿੱਠੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਸਿਪਾਹੀ ਵੀ ਕਾਬੂ ਕੀਤਾ ਗਿਆ ਹੈ, ਜੋ ਕਥਿਤ ਤੌਰ ’ਤੇ ਤਾਲਾਬੰਦੀ ਦੌਰਾਨ ਨਸ਼ਿਆਂ ਅਤੇ ਪੈਸਿਆਂ ਨੂੰ ਸੁਰੱਖਿਅਤ ਅੱਗੇ ਪਹੁੰਚਾਉਣ ਵਿੱਚ ਸਹਾਇਤਾ ਕਰਦਾ ਸੀ। ਅੱਜ ਦੇਰ ਸ਼ਾਮ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਾਜਿੰਦਰ ਦੇ ਸਾਲੇ ਨੂੰ ਵੀ ਇਸ ਰੈਕੇਟ ਵਿੱਚ ਸ਼ਾਮਲ ਹੋਣ ਕਾਰਨ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਬਦਨਾਮ ਖਾੜਕੂ ਹਰਮੀਤ ਸਿੰਘ ਉਰਫ ਪੀਐਚਡੀ ਦਾ ਸਾਥੀ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰ ਕੋਲੋਂ .32 ਬੋਰ ਦਾ ਪਿਸਤੌਲ ਅਤੇ 4 ਕਾਰਤੂਸ ਬਰਾਮਦ ਹੋਏ ਹਨ। ਜ਼ੀਰਕਪੁਰ ਦੇ ਰਿਵਰਡੇਲ ਐਰੋਵਿਸਟਾ ਵਿੱਚ ਉਸ ਦੇ ਫਲੈਟ ’ਚੋਂ 530 ਗਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਮੁਲਜ਼ਮ ਖ਼ਿਲਾਫ਼ ਮੁਹਾਲੀ ਦੇ ਫੇਜ਼-1 ਸਥਿਤ ਐਸਐਸਓਸੀ ਥਾਣੇ ਵਿੱਚ ਅਸਲਾ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਲਾਂ ਓਨੀ ਕਈ ਹੋਰ ਐਫਆਈਆਰ ਦਰਜ ਹਨ ਅਤੇ 12 ਕਰੋੜ ਰੁਪਏ ਦੇ ਹਵਾਲਗੀ ਲੈਣ-ਦੇਣ ਵਿੱਚ ਵੀ ਉਹ ਸ਼ਾਮਲ ਹੈ।