ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹਾ ਦਿਹਾਤੀ ਪੁਲੀਸ ਨੇ ਜੰਮੂ ਕਸ਼ਮੀਰ ਤੋਂ ਲਿਆਂਦੀ ਗਈ ਲਗਪਗ 16 ਕਿਲੋ ਹੈਰੋਇਨ ਦੇ ਮਾਮਲੇ ਵਿਚ ਚਾਰ ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਹੈ । ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹੈਰੋਇਨ ਵੀ ਉਸੇ ਵਾਹਨ ਵਿਚੋਂ ਬਰਾਮਦ ਕੀਤੀ ਗਈ ਹੈ, ਜਿਸ ’ਚੋਂ ਪਹਿਲਾਂ ਹੈਰੋਇਨ ਬਰਾਮਦ ਕੀਤੀ ਗਈ ਸੀ। ਪੁਲੀਸ ਨੇ ਇਸ ਕੇਸ ਵਿਚ ਨਸ਼ਾ ਤਸਕਰ ਸੁਖਦੇਵ ਸਿੰਘ ਉਰਫ ਕਾਲੂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਇਸ ਮਾਮਲੇ ਵਿੱਚ ਪਹਿਲਾਂ ਰਣਜੀਤ ਸਿੰਘ ਸੋਨੂੰ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਇਨੋਵਾ ਕਾਰ ਵਿੱਚ ਇਹ ਹੈਰੋਇਨ ਲੁਕਾ ਕੇ ਲਿਆ ਰਿਹਾ ਸੀ। ਪੁਲੀਸ ਇਸ ਕੇਸ ਵਿੱਚ ਜੇਲ੍ਹ ਵਿੱਚ ਬੰਦ ਰਣਜੀਤ ਸਿੰਘ ਰਾਣਾ ਅਤੇ ਮਲਕੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਜੰਮੂ ਕਸ਼ਮੀਰ ਵਾਸੀ ਜਾਫਰ ਅਤੇ ਸਿਕੰਦਰ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਇਸੇ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਸਰਹੱਦ ਕੋਲੋਂ ਤਿੰਨ ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ ਜਿਨ੍ਹਾਂ ਦਾ ਵਜ਼ਨ ਲਗਭਗ 908 ਗ੍ਰਾਮ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਇਹ ਹੈਰੋਇਨ ਕੰਡਿਆਲੀ ਤਾਰ ਤੋਂ ਅਗਾਂਹ ਭਾਰਤੀ ਖੇਤਰ ਵਿੱਚ ਲੁਕਾਈ ਹੋਈ ਸੀ। ਚੌਕਸ ਜਵਾਨਾਂ ਨੇ ਇੱਕ ਵਾਰ ਮੁੜ ਭਾਰਤ ਵਿਰੋਧੀ ਇਸ ਸਾਜ਼ਿਸ਼ ਨੂੰ ਬੇਨਕਾਬ ਕੀਤਾ ਹੈ।