ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਪਰੈਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰ ਟੀਨੂ ਹਰਿਆਣਾ ਨੂੰ ਮਾਨਸਾ ਪੁਲੀਸ ਦੀ ਹਿਰਾਸਤ ’ਚੋਂ ਭਜਾਉਣ ’ਚ ਮਦਦ ਕਰਨ ਵਾਲੇ ਮੁਲਜ਼ਮ ਨੂੰ ਐੱਸਟੀਐੱਫ਼ ਦੀ ਟੀਮ ਨੇ ਨਸ਼ਾ ਤਸਕਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਐੱਸਟੀਐੱਫ਼ ਨੇ ਪਿੰਡ ਮਹਿਮੂਦਪੁਰਾ ਦੇ ਰਹਿਣ ਵਾਲੇ ਮੁਲਜ਼ਮ ਰਾਜਿੰਦਰ ਸਿੰਘ ਗੋਰਾ ਨੂੰ ਉਸ ਦੇ ਸਾਥੀ ਨਿਊ ਸ਼ਿਮਲਾਪੁਰੀ ਵਾਸੀ ਨੀਰਜ ਕੁਮਾਰ ਦੀ ਨਿਸ਼ਾਨਦੇਹੀ ’ਤੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 760 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਦੋਵਾਂ ਖਿਲਾਫ਼ ਮੁਹਾਲੀ ਦੇ ਐੱਸਟੀਐੱਫ਼ ਥਾਣੇ ’ਚ ਕੇਸ ਦਰਜ ਕਰਕੇ 2 ਦਿਨਾ ਪੁਲੀਸ ਰਿਮਾਂਡ ’ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਐੱਸਟੀਐਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇੇ ਮੁਲਜ਼ਮ ਨੀਰਜ ਕੁਮਾਰ ਉਸ ਦੇ ਘਰ ਕੋਲੋਂ ਹੀ ਸਕੂਟਰੀ ’ਤੇ ਜਾਂਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਗਰੋਂ ਪੁੱਛਗਿਛ ’ਚ ਪਤਾ ਲੱਗਿਆ ਕਿ ਮੁਲਜ਼ਮ ਰਾਜਿੰਦਰ ਸਿੰਘ ਗੋਰਾ ਨਾਲ ਮਿਲ ਕੇ ਹੈਰੋਇਨ ਤਸਕਰੀ ਕਰਦਾ ਹੈ।