ਭੁਲੱਥ: ਥਾਣਾ ਸੁਭਾਨਪੁਰ ਤੇ ਸੀਆਈਏ ਦੀ ਪੁਲੀਸ ਨੇ ਨਸ਼ਾ ਤਸਕਰੀ ਦੇ ਕੇਸ ’ਚ ਜ਼ਮਾਨਤ ’ਤੇ ਬਾਹਰ ਆਏ ਇੱਕ ਵਿਅਕਤੀ ਦੇ ਘਰ ਛਾਪਾ ਮਾਰ ਕੇ ਅੱਧਾ ਕਿੱਲੋ ਹੈਰੋਇਨ ਤੇ 13.40 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਮੁਲਜ਼ਮ ਸੁਖਦੇਵ ਸਿੰਘ ਸੇਬੀ ਵਾਸੀ ਪਿੰਡ ਡੋਗਰਾਂਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਐੱਸਐੱਸਪੀ ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਦਿਨ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਉਕਤ ਮੁਲਜ਼ਮ ਮੁੜ ਨਸ਼ੇ ਵੇਚ ਰਿਹਾ ਹੈ। ਅੱਜ ਡੀਐੱਸਪੀ (ਡੀ) ਬਲਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਮੁਲਜ਼ਮ ਦੀ ਕਰਤਾਰਪੁਰ ਸਥਿਤ ਕੋਠੀ ’ਤੇ ਛਾਪਾ ਮਾਰਿਆ ਗਿਆ, ਜਿੱਥੋਂ 500 ਗ੍ਰਾਮ ਹੈਰੋਇਨ ਤੇ 13.40 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਹੋਈ ਹੈ। ਐੱਸਐੱਸਪੀ ਅਨੁਸਾਰ ਮੁਲਜ਼ਮ ’ਤੇ ਪਹਿਲਾਂ ਹੀ ਨਸ਼ਾ ਤਸਕਰੀ ਦੇ ਦੋਸ਼ ਹੇਠ ਪੰਜ ਕੇਸ ਦਰਜ ਹਨ। -ਪੱਤਰ ਪ੍ਰੇਰਕ