ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 7 ਸਤੰਬਰ
ਆਧੁਨਿਕ ਭਾਰਤ ਦੇ ਮੰਦਰ ਵੱਜੋਂ ਜਾਣੇ ਜਾਂਦੇ ਭਾਖੜਾ ਡੈਮ ਦੇ ਗੌਰਵਮਈ ਇਤਿਹਾਸ ਦੇ ਨਾਲ ਜੁੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਵਿਰਾਸਤੀ ਰੇਲ ਗੱਡੀ ਜਿਸ ਨੂੰ ਏਸ਼ੀਆ ਦੀ ਪਲੇਠੀ ਮੁਫਤ ਚੱਲਣ ਵਾਲੀ ਰੇਲ ਗੱਡੀ ਵੱਜੋਂ ਵੀ ਜਾਣਿਆ ਜਾਂਦਾ ਹੈ, 25 ਅਗਸਤ ਤੋਂ ਬੰਦ ਪਈ ਹੈ ਜਿਸ ਕਰਕੇ ਬੀਬੀਐਮਬੀ ਦੀ ਅਨਮੋਲ ਧਰੋਹਰ ‘ਚ ਸਵਾਰ ਹੋ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਸਤਲੁਜ ਦੇ ਨੀਲੇ ਪਾਣੀ ਦੇ ਕੁਦਰਤੀ ਨਜ਼ਾਰਿਆਂ ਦਾ ਨਿੱਘ ਮਾਨਣ ਵਾਲੇ ਯਾਤਰੂਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕਰੀਬ ਸਾਢੇ ਸੱਤ ਦਹਾਕਿਆਂ ਤੋਂ ਰੋਜ਼ਾਨਾ ਨੰਗਲ ਡੈਮ ਤੋਂ ਭਾਖੜਾ ਡੈਮ ਤੱਕ ਆਉਣ-ਜਾਣ ਵਾਲੀ ਇਹ ਵਿਰਾਸਤੀ ਰੇਲ ਗੱਡੀ ਜਿੱਥੇ ਬੀਬੀਐਮਬੀ ਦੇ ਮੁਲਾਜ਼ਮਾਂ ਦੀ ਲਾਈਫ ਲਾਈਨ ਬਣ ਚੁੱਕੀ ਹੈ ਉੱਥੇ ਹੀ ਰਸਤੇ ਵਿੱਚ ਆਉਣ ਵਾਲੇ ਪਿੰਡਾਂ ਅਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਵੀ ਮੁਫਤ ਆਵਾਜਾਈ ਦਾ ਵਿਸ਼ੇਸ਼ ਸਾਧਨ ਹੈ। ਅਮਿਤਾਭ ਬੱਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ਵਿੱਚ ਵੀ ਇਸ ਰੇਲ ਗੱਡੀ ਦੇ ਬਾਰੇ ਸੁਆਲ ਪੁੱਛਿਆ ਜਾ ਚੁੱਕਿਆ ਹੈ। ਪਰ ਬੀਤੀ 25 ਅਗਸਤ ਤੋਂ ਇਹ ਰੇਲਗੱਡੀ ਪਟੜੀ ਤੋਂ ਉਤਰ ਚੁੱਕੀ ਹੈ। ਇਸ ਸਬੰਧੀ ਬੀਬੀਐਮਬੀ ਦੇ ਨਿਗਰਾਨ ਇੰਜਨੀਅਰ ਅਤੁਲ ਚਾਵਲਾ ਨੇ ਕਿਹਾ ਕਿ ਰੇਲਗੱਡੀ ਦਾ ਕੁਝ ਸਾਮਾਨ ਖਰਾਬ ਹੋਣ ਕਰਕੇ ਇਸ ਨੂੰ ਬੰਦ ਕੀਤਾ ਹੈ ਅਤੇ ਹੁਣ ਸਾਮਾਨ ਖਰੀਦਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਤੇ ਅਗਲੇ ਇੱਕ ਹਫਤੇ ਵਿੱਚ ਰੇਲ ਗੱਡੀ ਨੂੰ ਸ਼ੁਰੂ ਕਰਕੇ ਰੋਜ਼ਾਨਾ ਸਫਰ ਕਰਨ ਵਾਲੇ ਮੁਸਾਫਿਰਾਂ ਨੂੰ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੱਡੀ ਨਾ ਚੱਲਣ ਕਾਰਨ ਮੁਲਾਜ਼ਮਾਂ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।