ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਗਸਤ
ਭਾਦੋਂ ਦੇ ਮੀਂਹ ਨੇ ਪੰਜਾਬ ਦੇ ਪਿੰਡ ਤੇ ਸ਼ਹਿਰ ਅੱਜ ਜਲ-ਥਲ ਕਰ ਦਿੱਤੇ। ਮਾਲਵੇ ’ਚ ਸਭ ਤੋਂ ਵੱਧ ਮੀਂਹ ਪਿਆ ਜਿਸ ਨੇ ਇਸ ਸੀਜ਼ਨ ਦੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ। ਅੱਜ ਤੜਕਸਾਰ ਸ਼ੁਰੂ ਹੋਈ ਬਾਰਿਸ਼ ਨੇ ਆਵਾਜਾਈ ਠੱਪ ਕਰ ਦਿੱਤੀ ਤੇ ਪਿੰਡਾਂ ਦੇ ਛੱਪੜ ਵੀ ਓਵਰਫਲੋਅ ਹੋ ਗਏ। ਫ਼ਸਲਾਂ ਲਈ ਮੀਂਹ ਲਾਹੇਵੰਦ ਦੱਸਿਆ ਜਾ ਰਿਹਾ ਹੈ, ਪਰ ਨਰਮਾ ਪੱਟੀ ’ਚ ਜੇਕਰ ਪਾਣੀ ਜ਼ਿਆਦਾ ਸਮਾਂ ਖੇਤਾਂ ’ਚ ਰਿਹਾ ਤਾਂ ਨੁਕਸਾਨ ਦਾ ਕਾਰਨ ਵੀ ਬਣ ਸਕਦਾ ਹੈ। ਬਾਰਿਸ਼ ਦੌਰਾਨ ਬਠਿੰਡਾ ਜ਼ਿਲ੍ਹੇ ’ਚ ਦੋ ਮੌਤਾਂ ਹੋ ਗਈਆਂ। ਵੇਰਵਿਆਂ ਅਨੁਸਾਰ ਬਠਿੰਡਾ ਦੇ ਭਲੇਰੀਆ ਵਾਲੇ ਮੁਹੱਲੇ ’ਚ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦਾ ਪੁੱਤ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਭੁੱਚੋ ਮੰਡੀ ਇਲਾਕੇ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬਹੁਤੀਆਂ ਥਾਵਾਂ ’ਤੇ ਬਿਜਲੀ ਸਪਲਾਈ ਵੀ ਅੱਜ ਸਵੇਰ ਵੇਲੇ ਠੱਪ ਰਹੀ। ਮੌਸਮ ਵਿਭਾਗ ਨੇ ਸੋਮਵਾਰ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਗਿਆਨੀ ਦੱਸਦੇ ਹਨ ਕਿ ਇਸ ਵਾਰ ਮੌਨਸੂਨ ਪੱਛੜ ਕੇ ਆਇਆ ਹੈ।
ਅੱਜ ਸ਼ਹਿਰ ਪਟਿਆਲਾ ’ਚ ਸਭ ਤੋਂ ਵੱਧ 25 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ। ਸ਼ਹਿਰ ਵਿੱਚ ਦਰਜਨਾਂ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ ਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਹਲਵਾਰਾ ’ਚ 24 ਐੱਮਐੱਮ, ਪਠਾਨਕੋਟ ’ਚ 10 ਐੱਮਐੱਮ, ਲੁਧਿਆਣਾ, ਅੰਮ੍ਰਿਤਸਰ ਤੇ ਬਠਿੰਡਾ ’ਚ 6-6 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ ਹੈ। ਪੀਏਯੂ ਅਨੁਸਾਰ ਬਠਿੰਡਾ ’ਚ ਅੱਜ ਬਾਰਿਸ਼ ਕਾਰਨ ਪੰਜ-ਪੰਜ ਫੁੱਟ ਪਾਣੀ ਭਰ ਗਿਆ ਤੇ ਦਰਜਨਾਂ ਸੜਕਾਂ ਅਤੇ ਬਾਜ਼ਾਰਾਂ ਵਿੱਚ ਪਾਣੀ ਦੁਕਾਨਾਂ ਤੇ ਘਰਾਂ ਵਿੱਚ ਦਾਖਲ ਹੋ ਗਿਆ। ਅੱਜ ਪਏ ਭਰਵੇਂ ਮੀਂਹ ਕਾਰਨ ਭੁੱਚੋ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਕੰਧ ਡਿੱਗ ਗਈ ਤੇ ਸਕੂਲ ਦੇ ਕਮਰਿਆਂ ’ਚ ਪਾਣੀ ਭਰਨ ਕਰ ਕੇ ਸਾਮਾਨ ਵੀ ਨੁਕਸਾਨਿਆ ਗਿਆ। ਇਸੇ ਤਰ੍ਹਾਂ ਨਥਾਣਾ ਦੇ ਸਰਕਾਰੀ ਸਕੂਲ ਦੀ ਚਾਰਦੀਵਾਰੀ ਵੀ ਡਿੱਗ ਗਈ। ਲੌਂਗੋਵਾਲ, ਜ਼ੀਰਾ, ਧਨੌਲਾ, ਫ਼ਤਿਹਗੜ੍ਹ ਪੰਜਤੂਰ, ਭੁੱਚੋ ਮੰਡੀ ਆਦਿ ਵਿੱਚ ਵੀ ਮੀਂਹ ਦਾ ਪਾਣੀ ਘਰਾਂ ਤੇ ਦੁਕਾਨਾਂ ਵਿੱਚ ਦਾਖਲ ਹੋ ਗਿਆ। ਸ਼ਹਿਰਾਂ ’ਚ ਪਾਣੀ ਦੇ ਢੁਕਵੇਂ ਨਿਕਾਸੀ ਪ੍ਰਬੰਧ ਨਾ ਹੋਣ ਕਰ ਕੇ ਸਰਕਾਰ ਦੀ ਕਿਰਕਿਰੀ ਵੀ ਹੋ ਰਹੀ ਹੈ।
ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ
ਭੁੱਚੋ ਮੰਡੀ (ਪਵਨ ਗੋਇਲ): ਪਿੰਡ ਮਾਨਸਾ ਖੁਰਦ ਦੇ ਕਿਸਾਨ ਭੋਲਾ ਸਿੰਘ (50) ਪੁੱਤਰ ਬਲਦੇਵ ਸਿੰਘ ਦੀ ਅੱਜ ਮੀਂਹ ਦੌਰਾਨ ਖੇਤਾਂ ਵਿੱਚ ਕੰਮ ਕਰਦੇ ਸਮੇਂ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਕੇ ’ਤੇ ਮੌਤ ਹੋ ਗਈ। ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸਿਆ ਗਿਆ। ਮ੍ਰਿਤਕ ਨੂੰ ਭੁੱਚੋ ਮੰਡੀ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਮਪੁਰਾ ਕਿਸਾਨ ਸੁਸਾਇਟੀ ਦੇ ਪ੍ਰਧਾਨ ਜਗਸੀਰ ਸਿੰਘ ਮਾਨਸਾ ਖੁਰਦ ਨੇ ਦੱਸਿਆ ਕਿ ਭੋਲਾ ਸਿੰਘ ਸਾਬਕਾ ਪੰਚ ਅਤੇ ਅਕਾਲੀ ਦਲ ਦਾ ਵਰਕਰ ਸੀ। ਉਹ ਅੱਜ ਖੇਤ ਵਿੱਚ ਮੀਂਹ ਕਾਰਨ ਪਏ ਘਾਰੇ ਬੰਦ ਕਰ ਰਿਹਾ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।