ਜਸਵੰਤ ਜੱਸ
ਫ਼ਰੀਦਕੋਟ, 2 ਜੁਲਾਈ
ਬਹਬਿਲ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਅਤੇ ਪੰਕਜ ਮੋਟਰਜ਼ ਕੰਪਨੀ ਦੇ ਮਾਲਕ ਪੰਕਜ ਬਾਂਸਲ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਸਥਾਨਕ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਲੰਬੀ ਬਹਿਸ ਹੋਈ।
ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਬਹਬਿਲ ਗੋਲੀ ਕਾਂਡ ਵਿੱਚ ਨਾਮਜ਼ਦ ਮੁਲਜ਼ਮਾਂ ਖਿਲਾਫ਼ ਆਈਪੀਸੀ ਦੀ ਧਾਰਾ 194 ਅਤੇ 195 ਦਾ ਵਾਧਾ ਕੀਤਾ ਗਿਆ ਹੈ। ਜਾਂਚ ਟੀਮ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਤਕਾਲੀ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨੂੰ ਮੁੜ ਪੁਲੀਸ ਰਿਮਾਂਡ ’ਤੇ ਲੈਣ ਲਈ ਡਿਊਟੀ ਮੈਜਿਸਟਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਗਈ ਹੈ। ਜਾਂਚ ਟੀਮ ਨੇ ਅਰਜ਼ੀ ਦੇ ਕੇ ਗੁਰਦੀਪ ਪੰਧੇਰ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦੀ ਮੰਗ ਕੀਤੀ ਹੈ। ਡਿਊਟੀ ਮੈਜਿਸਟਰੇਟ ਏਕਤਾ ਉੱਪਲ ਨੇ ਜੇਲ੍ਹ ਸੁਪਰਡੈਂਟ ਬਠਿੰਡਾ ਨੂੰ ਆਦੇਸ਼ ਦਿੱਤੇ ਹਨ ਕਿ ਗੁਰਦੀਪ ਪੰਧੇਰ ਨੂੰ ਸ਼ੁੱਕਰਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਅਦਾਲਤ ਨੇ ਜ਼ਮਾਨਤ ਅਰਜ਼ੀਆਂ ਉੱਪਰ ਬਹਿਸ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 4 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਬਹਬਿਲ ਗੋਲੀ ਕਾਂਡ ਵਿੱਚ ਜਾਂਚ ਟੀਮ ਹੁਣ ਤੱਕ ਐੱਸਐੱਸਪੀ ਚਰਨਜੀਤ ਸ਼ਰਮਾ, ਐੱਸਪੀ ਬਿਕਰਮ ਸਿੰਘ, ਇੰਸਪੈਕਟਰ ਪਰਦੀਪ ਸਿੰਘ, ਬਾਜਾਖਾਨਾ ਥਾਣੇ ਤਤਕਾਲੀ ਮੁਖੀ ਅਮਰਜੀਤ ਸਿੰਘ ਕੁਲਾਰ, ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰ ਚੁੱਕੀ ਹੈ। ਬਹਬਿਲ ਗੋਲੀ ਕਾਂਡ ਵਿੱਚ ਧਾਰਾ 194, 195 ਦੇ ਵਾਧੇ ਨਾਲ ਪੁਲੀਸ ਅਧਿਕਾਰੀਆਂ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ ਕਿਉਂਕਿ ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਹਾਈ ਕੋਰਟ ਨੇ ਆਰਜ਼ੀ ਜ਼ਮਾਨਤ ਹੀ ਦਿੱਤੀ ਹੈ।