ਜਸਵੰਤ ਜੱਸ
ਫ਼ਰੀਦਕੋਟ, 13 ਜੁਲਾਈ
ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਅਤੇ ਉਸ ਵੇਲੇ ਦੇ ਐੱਸਪੀ ਬਲਜੀਤ ਸਿੰਘ ਸਿੱਧੂ ਦੀਆਂ ਜ਼ਮਾਨਤ ਅਰਜ਼ੀਆਂ ਉੱਪਰ ਸੁਣਵਾਈ 15 ਜੁਲਾਈ ਤੱਕ ਟਲ਼ ਗਈ ਹੈ। ਅੱਜ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿੱਚ ਇਨ੍ਹਾਂ ਦੋਵਾਂ ਜ਼ਮਾਨਤਾਂ ’ਤੇ ਵਿਸ਼ੇਸ਼ ਜਾਂਚ ਟੀਮ ਤੇ ਪੁਲੀਸ ਅਧਿਕਾਰੀਆਂ ਦਰਮਿਆਨ ਲੰਬੀ ਬਹਿਸ ਹੋਈ। ਇਸ ਤੋਂ ਬਾਅਦ ਅਦਾਲਤ ਨੇ ਜ਼ਮਾਨਤਾਂ ਦੀ ਸੁਣਵਾਈ ਲਈ 15 ਜੁਲਾਈ ਤਾਰੀਖ਼ ਪਾ ਦਿੱਤੀ। ਐੱਸਪੀ ਬਲਜੀਤ ਸਿੰਘ ਨੇ ਅਗਾਊਂ ਜ਼ਮਾਨਤ ਦੀ ਮੰਗ ਕਰਦਿਆਂ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰ ਸਕਦੀ ਹੈ। ਤਤਕਾਲੀ ਐੱਸਐੱਚਓ ਜੇਲ੍ਹ ਵਿੱਚ ਨਜ਼ਰਬੰਦ ਹੈ ਅਤੇ ਉਸ ਨੇ ਚਲਦੇ ਮੁਕੱਦਮੇ ਤੱਕ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਹੈ ਕਿ ਜੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਜਾਂਚ ਪ੍ਰਕਿਰਿਆ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰੇਗਾ।
ਡੇਰਾ ਪ੍ਰੇਮੀਆਂ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਚਿੰਤਤ
ਬੇਅਦਬੀ ਕਾਂਡ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਣੇ 11 ਜਣਿਆਂ ਨੂੰ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਪੁਲੀਸ ਦਾ ਫ਼ਿਕਰ ਵਧ ਗਿਆ ਹੈ। ਸੂਤਰਾਂ ਅਨੁਸਾਰ ਪੁਲੀਸ ਮੁਖੀ ਨੇ ਜ਼ਿਲ੍ਹੇ ਭਰ ਦੇ ਸਾਰੇ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਨਵੇਂ ਸਿਰੇ ਤੋਂ ਵਾਚਣ ਲਈ ਹੁਕਮ ਦਿੱਤੇ ਹਨ। ਡੇਰਾ ਪ੍ਰੇਮੀਆਂ ਨੂੰ ਗਰਮ ਖ਼ਿਆਲੀ ਜਥੇਬੰਦੀਆਂ ਤੋਂ ਖ਼ਤਰਾ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪੁਲੀਸ ਨੇ ਡੇਰਾ ਪ੍ਰੇਮੀਆਂ, ਉਨ੍ਹਾਂ ਦੀ ਰਿਹਾਇਸ਼, ਵਪਾਰਕ ਅਦਾਰਿਆਂ ਤੇ ਆਉਣ-ਜਾਣ ਆਦਿ ਉੱਪਰ ਸੁਰੱਖਿਆ ਸਖਤ ਕਰਨ ਅਤੇ ਗਸ਼ਤ ਵਧਾਉਣ ਦੇ ਆਦੇਸ਼ ਦਿੱਤੇ ਹਨ।
ਡੇਰੇ ਦੇ ਕੌਮੀ ਕੌਂਸਲ ਮੈਂਬਰ ਅਜੇ ਵੀ ਫ਼ਰਾਰ
ਸਥਾਨਕ ਅਦਾਲਤ ਵੱਲੋਂ ਡੇਰਾ ਸਿਰਸਾ ਦੇ ਤਿੰਨ ਕੌਮੀ ਕੌਂਸਲ ਮੈਬਰਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਤੋਂ ਬਾਅਦ ਵੀ ਇਹ ਮੈਂਬਰ ਜਾਂਚ ਟੀਮ ਦੇ ਹੱਥ ਨਹੀਂ ਲੱਗੇ। ਪਤਾ ਲੱਗਾ ਹੈ ਕਿ ਜਾਂਚ ਟੀਮ ਕੌਂਸਲ ਦੇ ਕੌਮੀ ਮੈਂਬਰ ਪ੍ਰਦੀਪ ਕਲੇਰ, ਹਰਸ਼ ਧੁਰੀ ਅਤੇ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਤੇ ਹਰਿਆਣਾ ਵਿੱਚ ਇੱਕ ਹਫ਼ਤੇ ਤੋਂ ਲਗਾਤਾਰ ਛਾਪੇ ਮਾਰ ਰਹੀ ਹੈ। ਜਾਂਚ ਟੀਮ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਜਾਂਚ ਟੀਮ ਨੂੰ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਦਿੱਤੇ ਹਨ ਪਰ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।