ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 6 ਜਨਵਰੀ
ਇੱਥੇ ਅੱਜ ਮਲਟੀਪਰਪਜ਼ ਹੈਲਥ ਐਂਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵੱਲੋਂ ਵਰ੍ਹਦੇ ਮੀਂਹ ਵਿੱਚ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਪੀ ਸੋਨੀ ਦੀ ਰਿਹਾਇਸ਼ ਨੇੜੇ ਮੁਜ਼ਾਹਰਾ ਕੀਤਾ ਗਿਆ। ਇਹ ਰੈਲੀ ਸੂਬਾਈ ਕਨਵੀਨਰ ਗੁਰਦੇਵ ਸਿੰਘ ਢਿੱਲੋਂ, ਜਸਵੀਰ ਕੌਰ ਮੂਨਕ, ਗੁਰਪ੍ਰੀਤ ਸਿੰਘ ਮੰਗਵਾਲ, ਲਖਵਿੰਦਰ ਕੌਰ ਜੌਹਲ, ਕਸ਼ਮੀਰ ਕੌਰ ਕਪੂਰਥਲਾ ਦੀ ਅਗਵਾਈ ਹੇਠ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਕੋਵਿਡ ਮਹਾਮਾਰੀ ਵਿੱਚ ਵਧੀਆ ਡਿਊਟੀਆਂ ਨਿਭਾਉਣ ਬਦਲੇ ਸਰਕਾਰ ਨੇ ਕੁਝ ਦੇਣਾ ਤਾਂ ਕੀ ਸੀ ਉਲਟਾ ਤਨਖਾਹਾਂ ਭੱਤਿਆਂ ’ਤੇ ਕੈਂਚੀ ਚਲਾ ਦਿੱਤੀ। ਆਗੂਆਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਸਮੇਂ ਸਿਹਤ ਵਿਭਾਗ ਦੇ ਮਲਟੀਪਰਪਜ਼ ਕੇਡਰ ਦੇ ਸਕੇਲ ਘਟਾਏ, ਹੁਣ ਭੱਤਿਆਂ ’ਤੇ ਕੈਂਚੀ ਚਲਾ ਦਿੱਤੀ, ਜੋ ਕਿ ਨਾ ਸਹਿਣਯੋਗ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਇਹ ਭੱਤੇ ਬਹਾਲ ਨਾ ਕੀਤੇ ਤਾਂ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਾਵੇਗਾ। ਆਗੂਆਂ ਕਿਹਾ ਨੇ ਕਿ ਉਹ ਕੋਵਿਡ ਕਾਰਨ ਆਮ ਜਨਤਾ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਭਲਕੇ 7 ਜਨਵਰੀ ਤੋਂ ਡਿਊਟੀਆਂ ਕਰਨਗੇ। ਡਿਊਟੀ ਦੌਰਾਨ ਭੁੱਖ ਹੜਤਾਲ ਕਰਨਗੇ ਅਤੇ ਇਸ ਦਾ ਸਟਿੱਕਰ ਲਾ ਕੇ ਡਿਊਟੀਆਂ ਕਰਨਗੇ । ਉਨ੍ਹਾਂ ਕਿਹਾ ਕਿ ਉਹ ਫੀਲਡ ਦੇ ਟੂਰ ਨਹੀ ਕਰਨਗੇ ਅਤੇ ਬਿਨਾਂ ਵਰਦੀ ਦੇ ਡਿਊਟੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਸਾਂਝੇ ਫਰੰਟ ਦੇ 8 ਜਨਵਰੀ ਅਤੇ 14 ਜਨਵਰੀ ਦੇ ਵੱਡੇ ਐਕਸ਼ਨਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਮੰਗਾਂ ਦੇ ਹੱਲ ਤਕ ਸੰਘਰਸ਼ ਜਾਰੀ ਰਹੇਗਾ।