ਸ਼ਗਨ ਕਟਾਰੀਆ
ਬਠਿੰਡਾ, 27 ਅਪਰੈਲ
‘ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ’ ਨੇ ਮੁੱਖ ਮੰਤਰੀ ਵੱਲੋਂ ਹੜਤਾਲੀ ਮੁਲਾਜ਼ਮਾਂ ਪ੍ਰਤੀ ਕਥਿਤ ਤੌਰ ’ਤੇ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਕੀਤੀ ਤੇ ਇਸ ਬੋਲਬਾਣੀ ਦੇ ਵਿਰੋਧ ਵਿੱਚ ਸਿਹਤ ਕਾਮਿਆਂ ਨੇ ਅੱਜ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਸ਼ੁਭਮ ਸ਼ਰਮਾ ਨੇ 26 ਅਪਰੈਲ ਨੂੰ ਇੱਕ ਨਿਊਜ਼ ਚੈਨਲ ’ਤੇ ਦਿਖਾਈ ਖ਼ਬਰ ਦੇ ਹਵਾਲੇ ਨਾਲ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਹੜਤਾਲ ’ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਜਾਵੇਗਾ ਕਿਉਂਕਿ ਉਹ ਯੁੱਧ ਦੇ ਹਾਲਾਤ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਮੰਗ ਕੇ ‘ਬਕਵਾਸ’ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕਿ ਨੂੰ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਮਹਾਮਾਰੀ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਸਿਹਤ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਿਹਤ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ ’ਤੇ ਮੰਨਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੇ ਲਈ ਮਹਿੰਗੀਆਂ ਸਹੂਲਤਾਂ ਨਹੀਂ ਮੰਗ ਰਹੇ, ਸਗੋਂ ਇਸ ਮਹਾਮਾਰੀ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਵਿੱਤੀ ਅਤੇ ਸਰੀਰਕ ਸੁਰੱਖਿਆ ਲਈ ਹੱਕ ਮੰਗ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਲਗਪਗ 1000 ਫਾਰਮਾਸਿਸਟ ਸਿਵਲ ਸਰਜਨਾਂ ਦੇ ਆਦੇਸ਼ਾਂ ’ਤੇ ਕਰੋਨਾ ਮਹਾਮਾਰੀ ਖ਼ਿਲਾਫ਼ ਪਿਛਲੇ 14 ਮਹੀਨਿਆਂ ਤੋਂ ਲੜ ਰਹੇ ਹਨ ਪਰ ਇਨ੍ਹਾਂ ਮੁਲਾਜ਼ਮਾਂ ਦੀ ਨਾ ਤਾਂ ਕੋਈ ਸੋਸ਼ਲ ਸਕਿਉਰਿਟੀ ਹੈ ਤੇ ਨਾ ਹੀ ਕੋਈ ਮੈਡੀਕਲ ਬੀਮਾ ਹੈ। ਇਨ੍ਹਾਂ ਨੂੰ ਉੱਕਾ ਪੁੱਕਾ 11000 ਰੁਪਏ ਤਨਖਾਹ ਦਿਤੀ ਜਾਂਦੀ ਹੈ ਤੇ ਕੇਂਦਰ ਸਰਕਾਰ ਵੱਲੋਂ ਕੀਤਾ 50 ਲੱਖ ਰੁਪਏ ਦਾ ਬੀਮਾ ਲਾਭ ਇਨ੍ਹਾਂ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਵਿਭਾਗ ਵਿੱਚ ਸੇਵਾਵਾਂ ਦਿੰਦਿਆਂ 15 ਸਾਲ ਹੋ ਚੁੱਕੇ ਹਨ।
ਸ਼ੁਭਮ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਕਰੋਨਾ ਯੋਧਿਆਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਰੋਨਾ ਯੋਧਿਆਂ ਨਾਲ ਕੀਤੇ ਵਿਤਕਰੇ ਅਤੇ ਸ਼ੋਸ਼ਣ ਦਾ ਪ੍ਰਚਾਰ ਲੋਕਾਂ ਵਿੱਚ ਜਾ ਕੇ ਕੀਤਾ ਜਾਵੇਗਾ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।
ਐਮਰਜੈਂਸੀ ਸੇਵਾਵਾਂ ਦਾ ਬਾਈਕਾਟ
ਪਟਿਆਲਾ (ਸਰਬਜੀਤ ਭੰਗੂ): ਨੈਸ਼ਨਲ ਹੈਲਥ ਮਿਸ਼ਨ ਤਹਿਤ ਸਿਹਤ ਵਿਭਾਗ ਪੰਜਾਬ ਵਿਚ ਕਈ ਵਰ੍ਹਿਆਂ ਤੋਂ ਕੰਟਰੈਕਟ ਆਧਾਰ ’ਤੇ ਨਿਗੂਣੀਆਂ ਤਨਖ਼ਾਹਾਂ ’ਤੇ ਸੇਵਾਵਾਂ ਨਿਭਾਉਂਦੇ ਆ ਰਹੇ ਪੰਜਾਬ ਭਰ ਦੇ ਨੌਂ ਹਜ਼ਾਰ ਸਿਹਤ ਮੁਲਾਜ਼ਮ ਅੱਜ ਪੰਜਾਬ ਪੱਧਰੀ ਹੜਤਾਲ਼ ’ਤੇ ਚਲੇ ਗਏ ਹਨ। ਐੱਨਐੱਚਐੱਮ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਸੂਬਾ ਪ੍ਰਧਾਨ ਅਮਰਜੀਤ ਸਿੰਘ ਦੀ ਅਗਵਾਈ ਹੇਠਾਂ ਕੀਤੀ ਗਈ ਇਸ ਹੜਤਾਲ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੇ ਐਮਰਜੈਂਸੀ ਸੇਵਾਵਾਂ ਦਾ ਵੀ ਬਾਈਕਾਟ ਕੀਤਾ। ਇਥੇ ਮਾਰਚ ਕਰਦਿਆਂ, ਸਿਹਤ ਮੁਲਾਜ਼ਮਾਂ ਨੇ ਬੱਸ ਸਟੈਂਡ ਚੌਕ ਵਿਖੇ ਆਵਾਜਾਈ ਵੀ ਠੱਪ ਕੀਤੀ। ਸੂਬਾਈ ਪ੍ਰਧਾਨ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਦੇ ਲਾਰਿਆਂ ਕਾਰਨ ਉਨ੍ਹਾਂ ਨੂੰ ਮੁੜ ਸੜਕਾਂ ’ਤੇ ਆਉਣਾ ਪਿਆ ਹੈ। ਕਰੋਨਾ ਦੇ ਇਸ ਕਹਿਰ ਦੌਰਾਨ ਵੀ ਮੌਤ ਦੇ ਮੂੰਹ ’ਚ ਰਹਿ ਕੇ ਡਿਊਟੀਆਂ ਕਰਦੇ ਆ ਰਹੇ ਹਨ। ਬਾਵਜੂਦ ਇਸ ਦੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰਮਚਾਰੀ ਢਾਈ ਦਹਾਕਿਆਂ ਤੋਂ ਕੰਟਰੈਕਟ ਆਧਾਰ ’ਤੇ ਨਿਗੂਣੀਆਂ ਤਨਖ਼ਾਹਾਂ ਨਾਲ਼ ਹੀ ਬੁੱਤਾ ਸਾਰਦੇ ਆ ਰਹੇ ਹਨ ਕਿ ਸਰਕਾਰ ਕਦੇ ਨਾ ਕਦੇ ਤਾਂ ਰੈਗੂਲਰ ਕਰੇਗੀ ਪਰ ਕਰੋਨਾ ਕਹਿਰ ਦੌਰਾਨ ਡਿਊਟੀਆਂ ਦੇਣ ਦੇ ਬਾਵਜੂਦ ਸਰਕਾਰ ਰਹਿਮ ਨਹੀਂ ਕਰ ਰਹੀ।