ਮੋਗਾ (ਨਿੱਜੀ ਪੱਤਰ ਪ੍ਰੇਰਕ): ਮਲਟੀਪਰਪਜ਼ ਹੈੱਲਥ ਐਂਪਲਾਈਜ਼ ਯੂਨੀਅਨ ਨੇ ਅੱਜ ਇੱਥੇ ਆਪਣੀਆਂ ਮੰਗਾਂ ਦੀ ਪੂਰਤੀ ਤਕ ਕਰੋਨਾ ਵੈਕਸੀਨ ਨਾ ਲਗਵਾਉਣ ਦਾ ਐਲਾਨ ਕੀਤਾ ਹੈ। ਇਸ ਬਾਰੇ ਸਿਵਲ ਸਰਜਨ ਨੂੰ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਜਥੇਬੰਦੀ ਵੱਲੋਂ 21 ਜਨਵਰੀ ਤੋਂ ਸਿਹਤ ਡਾਇਰੈਕਟਰ ਚੰਡੀਗੜ੍ਹ ਦਫ਼ਤਰ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਰਕਾਰ ਆਪਣੀ ਸਹੂਲਤ ਮੁਤਾਬਕ ਉਨ੍ਹਾਂ ਦੇ ਕੇਡਰ ਨੂੰ ਫਰੰਟ ਲਾਈਨਰ ਕਹਿਣਾ ਬੰਦ ਕਰੇ। ਜੇ ਉਨ੍ਹਾਂ ਦਾ ਕੇਡਰ ਫਰੰਟ ਲਾਈਨਰ ਹੈ ਤਾਂ ਪਹਿਲਾਂ ਉਨ੍ਹਾਂ ਦੀਆਂ ਬਕਾਇਆ ਮੰਗਾਂ ਪੂਰੀਆਂ ਕੀਤੀਆਂ ਜਾਣ। ਉਸ ਤੋਂ ਬਾਅਦ ਹੀ ਜਥੇਬੰਦੀ ਵੈਕਸੀਨੇਸ਼ਨ ਬਾਰੇ ਫ਼ੈਸਲਾ ਕਰੇਗੀ।