ਪਾਲ ਸਿੰਘ ਨੌਲੀ
ਜਲੰਧਰ, 14 ਜੁਲਾਈ
ਕਿਸਾਨਾਂ ਦੇ ਵਿਰੋਧ ਕਰਕੇ ਡਿਸਪੈਂਸਰੀ ਦਾ ਉਦਘਾਟਨ ਕਰਨ ਲਈ ਆ ਰਹੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਰਸਤੇ ਵਿੱਚੋਂ ਹੀ ਮੁੜਨਾ ਪਿਆ। ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਵੀ ਕਿਸਾਨਾਂ ਦੇ ਗੁੱਸੇ ਨੂੰ ਭਾਂਪਦਿਆਂ ਉਦਘਾਟਨ ਕਰਨ ਵਾਲੇ ਥਾਂ ’ਤੇ ਪਹੁੰਚਣ ਤੋਂ ਟਾਲਾ ਵੱਟ ਗਏ। ਭਾਜਪਾ ਆਗੂਆਂ ਤੋਂ ਬਾਅਦ ਕਾਂਗਰਸੀ ਵੀ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣ ਲੱਗ ਪਏ ਹਨ।
ਸ਼ਹਿਰ ਦੇ ਨਾਲ ਲੱਗਦੇ ਪਿੰਡ ਧੰਨੋਵਾਲੀ ਵਿੱਚ 10 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕਰਨ ਲਈ ਅੱਜ ਸਿਹਤ ਮੰਤਰੀ ਨੇ ਆਉਣਾ ਸੀ। ਇਸ ਦੀ ਜਿਉਂ ਹੀ ਕਿਸਾਨਾਂ ਨੂੰ ਭਿਣਕ ਪਈ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਮੌਕੇ ’ਤੇ ਪਹੁੰਚ ਗਏ। ਉਦਘਾਟਨ ਵਾਲੀ ਥਾਂ ’ਤੇ ਕਿਸਾਨਾਂ ਨੇ ਧਰਨਾ ਲਾ ਦਿੱਤਾ। ਦੁਪਹਿਰ ਤੱਕ ਪੁਲੀਸ ਅਧਿਕਾਰੀ ਕਿਸਾਨਾਂ ਨੂੰ ਸਮਝਾਉਣ ਲਈ ਲੱਗੇ ਪਰ ਗੱਲ ਨਹੀਂ ਬਣੀ। ਇਸੇ ਦੌਰਾਨ ਕਾਂਗਰਸੀ ਕੌਂਸਲਰ ਨੇ ਕੁਝ ਲੋਕਾਂ ਨੂੰ ਲੈ ਕੇ ਉਦਘਾਟਨ ਕਰਵਾ ਦਿੱਤਾ। ਪਿੰਡ ਵਾਸੀ ਸੁਖਦੀਪ ਸਿੰਘ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਪਿੰਡ ਵਾਲਿਆਂ ਦੇ ਯਤਨਾਂ ਸਦਕਾ ਇਹ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸਿਰੇ ਚੜ੍ਹਿਆ ਸੀ। ਕਾਂਗਰਸ ਤਾਂ ਹੁਣ ਇਸ ’ਤੇ ਰੰਗ-ਰੋਗਨ ਕਰਵਾ ਕੇ ਆਪਣਾ ਠੱਪਾ ਲਾਉਣਾ ਚਾਹੁੰਦੀ ਹੈ, ਜਿਸ ਦਾ ਪਿੰਡ ਵਾਲਿਆਂ ਨੇ ਤਿੱਖਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਇਹ ਹੈਲਥ ਸੈਂਟਰ ਬਣਨ ਲਈ ਸਾਲ 2014-15 ਵਿੱਚ 50.41 ਲੱਖ ਰੁਪਏ ਲੱਗੇ ਸਨ, ਜਿਹੜਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਬਣਿਆ ਸੀ। ਕਾਂਗਰਸੀਆਂ ਵੱਲੋਂ ਉਦਘਾਟਨ ਕੀਤੇ ਜਾਣ ਤੋਂ ਗੁੱਸੇ ਹੋਏ ਪਿੰਡ ਵਾਲਿਆਂ ਅਤੇ ਕਿਸਾਨਾਂ ਨੇ ਜਦੋਂ ਇਸ ਦਾ ਤਿੱਖਾ ਵਿਰੋਧ ਕੀਤਾ ਤਾਂ ਪੁਲੀਸ ਨੇ ਕਾਂਗਰਸੀ ਕੌਂਸਲਰ ਨੂੰ ਅੰਦਰ ਵਾੜ ਦਿੱਤਾ ਤਾਂ ਕਿ ਉਹ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਨਾ ਹੋ ਜਾਵੇ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁੱਖ ਬੁਲਾਰੇ ਕਸ਼ਮੀਰ ਸਿੰਘ ਨੇ ਕਿਹਾ ਕਿ ਜਦੋਂ ਕਿਸਾਨਾਂ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਆਉਣ ਬਾਰੇ ਪਤਾ ਲੱਗਾ ਸੀ ਤਾਂ ਉਹ ਸਵੇਰ ਤੋਂ ਹੀ ਆ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਬਣੀ ਡਿਸਪੈਂਸਰੀ ਦਾ ਉਦਘਾਟਨ ਸਿਰਫ ਵੋਟਾਂ ਦੀ ਖਾਤਰ ਕੀਤਾ ਜਾ ਰਿਹਾ ਸੀ ਤੇ ਇਸ ਮੌਕੇ ਕਿਸਾਨਾਂ ਨੇ ਸਿਹਤ ਮੰਤਰੀ ਨੂੰ ਕੁਝ ਸਵਾਲ ਕਰਨੇ ਸਨ ਕਿ ਕਾਂਗਰਸ ਨੇ ਕਿਸਾਨੀ ਸਬੰਧੀ ਜਿਹੜੇ ਵਾਅਦੇ ਕਿਸਾਨੀ ਆਪਣੇ ਮੈਨੀਫੈਸਟੋ ਵਿੱਚ ਕੀਤੇ ਸਨ ਉਹ ਪੂਰੇ ਕਿਉਂ ਨਹੀਂ ਕੀਤੇ? ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਨਾਲ ਰਲ ਕੇ ਚੱਲ ਰਹੀ ਹੈ ਤੇ ਪੰਜਾਬ ਵਿੱਚ 2022 ਦੀਆਂ ਚੋਣਾਂ ਵਿਚ ਲੋਕ ਸੱਤਾਧਾਰੀ ਧਿਰ ਕਾਂਗਰਸ ਨੂੰ ਵੀ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।
ਕਿਸਾਨ ਹਰਜੋਤ ਸਿੰਘ ਨੇ ਕਿਹਾ ਕਿ ਪੰਜ-ਪੰਜ ਘੰਟੇ ਕਿਸਾਨਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਾਂਗਰਸੀ, ਕਿਸਾਨਾਂ ਦੇ ਸੰਘਰਸ਼ ਵਿਚ ਸਾਥ ਦੇਣ ਦੀ ਥਾਂ ਉਦਘਾਟਨ ਕਰਕੇ ਜਸ਼ਨ ਮਨਾ ਰਹੇ ਹਨ।