ਆਤਿਸ਼ ਗੁਪਤਾ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਮ ਆਦਮੀ ਕਲੀਨਿਕ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਸੂਬੇ ਦੇ ਸਾਰੇ ਸੀਐੱਚਸੀਜ਼ (ਕਮਿਊਨਿਟੀ ਹੈਲਥ ਸੈਂਟਰਾਂ) ਅਤੇ ਪੀਐੱਚਸੀਜ਼ (ਪ੍ਰਾਇਮਰੀ ਹੈਲਥ ਸੈਂਟਰਾਂ) ਨੂੰ ਆਮ ਆਦਮੀ ਕਲੀਨਿਕਾਂ ਦੀ ਤਰਜ਼ ’ਤੇ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕੀਤਾ ਹੈ। ਸ੍ਰੀ ਜੌੜੇਮਾਜਰਾ ਨੇ ਕਿਹਾ ਕਿ ਸੀਐੱਚਸੀ ਅਤੇ ਪੀਐੱਚਸੀ ਵਿੱਚ ਵੀ ਆਮ ਆਦਮੀ ਕਲੀਨਿਕਾਂ ਦੀ ਤਰ੍ਹਾਂ ਦਵਾਈਆਂ ਅਤੇ ਟੈਸਟਿੰਗ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਮਠਿਆਈਆਂ ਤੇ ਹੋਰ ਖੁਰਾਕੀ ਵਸਤਾਂ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਫੂਡ ਸੈਂਪਲ ਟੈਸਟਿੰਗ ਲੈਬਾਰਟਰੀ ਸਿਰਫ਼ ਖਰੜ ਵਿੱਚ ਹੋਣ ਕਰ ਕੇ ਟੈਸਟਿੰਗ ਵਿੱਚ ਕਾਫੀ ਦੇਰੀ ਹੋ ਜਾਂਦੀ ਹੈ, ਇਸ ਕਰ ਕੇ ਸੂਬੇ ਵਿੱਚ ਦੋ ਹੋਰ ਲੈਬਾਰਟਰੀਆਂ ਤਿਆਰ ਕੀਤੀਆਂ ਜਾਣਗੀਆਂ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਸਾਲ ਡੇਂਗੂ ਅਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਾਫੀ ਕਮੀ ਆਈ ਹੈ। ਇਹੀ ਨਹੀਂ ਸੂਬੇ ਦੇ 10 ਜ਼ਿਲ੍ਹੇ ਹੁਣ ਡੇਂਗੂ ਮੁਕਤ ਹੋ ਗਏ ਹਨ, ਜਦੋਂ ਕਿ ਸਰਕਾਰ ਨੇ ਸਾਲ 2024 ਤੱਕ ਪੰਜਾਬ ਨੂੰ ਡੇਂਗੂ ਮੁਕਤ ਸੂਬਾ ਬਣਾਉਣ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਕਿਹਾ ਕਿ ਹੈਪੇਟਾਈਟਸ-ਸੀ (ਕਾਲੇ ਪੀਲੀਏ) ਦੇ ਇਲਾਜ ਲਈ ਜਾਂਚ ਕੇਂਦਰਾਂ ਦੀ ਗਿਣਤੀ 68 ਤੋਂ ਵਧਾ ਕੇ 140 ਕੀਤੀ ਜਾ ਰਹੀ ਹੈ।
ਦਾਨ ਦੇ ਪੈਸੇ ਨਾਲ ਸਿੱਖਿਆ ਤੇ ਸਿਹਤ ਪ੍ਰਬੰਧਾਂ ਵਿੱਚ ਕੀਤਾ ਜਾਵੇਗਾ ਸੁਧਾਰ
ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਦਾਨ ਦੇ ਪੈਸੇ ਨਾਲ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਪ੍ਰਬੰਧਾਂ ’ਚ ਸੁਧਾਰ ਕੀਤਾ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਜਲਦੀ ਹੀ ਇਕ ਵੱਖਰਾ ਫੰਡ ਤਿਆਰ ਕਰਨ ਲਈ ਟਰੱਸਟ ਬਣਾਉਣ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਤਿਆਰ ਕੀਤੇ ਜਾਣ ਵਾਲੇ ਟਰੱਸਟ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ, ਜਦੋਂ ਕਿ ਦੇਖਰੇਖ ਵਿੱਤ ਵਿਭਾਗ ਕਰੇਗਾ। ਇਸ ਟਰੱਸਟ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਜਾਂ ਪੰਜਾਬ ਹਿਤੈਸ਼ੀ ਲੋਕ ਦਾਨ ਕਰ ਕੇ ਸਹਿਯੋਗ ਕਰ ਸਕਣਗੇ। ਟਰੱਸਟ ਵਿੱਚ ਆਉਣ ਵਾਲੇ ਫੰਡ ਦੀ ਵਰਤੋਂ ਸਿੱਖਿਆ ਅਤੇ ਸਿਹਤ ਪ੍ਰਬੰਧਾਂ ’ਚ ਸੁਧਾਰ ਲਈ ਕੀਤੀ ਜਾਵੇਗੀ।