ਅਜੇ ਮਲਹੋਤਰਾ
ਬਸੀ ਪਠਾਣਾਂ, 8 ਸਤੰਬਰ
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦੌਰੇ ਮਗਰੋਂ ਵੀ ਬਸੀ ਪਠਾਣਾਂ ਦੇ ਕਮਿਉੂਨਿਟੀ ਸਿਹਤ ਕੇਂਦਰ ਦੀ ਦਸ਼ਾ ਨਹੀਂ ਬਦਲੀ। ਜੇ ਸਿਹਤ ਕੇਂਦਰ ਦੀ ਗੱਲ ਕਰੀਏ ਤਾਂ ਇੱਥੇ ਐਸਐਮਓ ਦੀ ਪੋਸਟ ਖਾਲੀ ਪਈ ਹੈ, ਬਿਜਲੀ ਜਾਣ ਦੀ ਸੁੂਰਤ ਵਿੱਚ ਜਨਰੇਟਰ ਤਾਂ ਹੈ ਪਰ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਤੈਅ ਹਦਾਇਤਾਂ ਪੂਰੀਆਂ ਨਾ ਕਰਨ ਕਰਕੇ ਬੰਦ ਪਿਆ ਹੈ। ਐਮਰਜੈਂਸੀ ਵਿੱਚ ਡਾਕਟਰ ਦੇ ਕਮਰੇ ਤੋਂ ਇਲਾਵਾ ਕੁਝ ਮਰੀਜ਼ਾਂ ਲਈ ਹੀ ਇਨਵਰਟਰ ਦੀ ਸਹੁੂਲਤ ਹੈ, ਸਿਹਤ ਕੇਂਦਰ ਵਿੱਚ ਦਵਾਈਆਂ ਦੀ ਘਾਟ ਹਮੇਸ਼ਾ ਦੀ ਤਰ੍ਹਾਂ ਬਣੀ ਹੋਈ ਹੈ ਅਤੇ ਸਫਾਈ ਕਰਮਚਾਰੀ ਵੀ ਜ਼ਰੂਰਤ ਤੋਂ ਘੱਟ ਹੋਣ ਕਰਕੇ ਸਫਾਈ ਦਾ ਬੁਰਾ ਹਾਲ ਹੈ। ਸਿਹਤ ਕੇਂਦਰ ਦੀ ਮੌਰਚਰੀ ਵੱਲ ਜਾਣ ਵਾਲੇ ਰਸਤੇ ’ਚ ਇੰਨਾ ਕੁੂੜਾ ਕਬਾੜ ਪਿਆ ਹੈ ਕਿ ਸਿਹਤ ਕੇਂਦਰ ਦੇ ਕਰਮਚਾਰੀ ਵੀ ਉੱਥੇ ਜਾਣ ਤੋਂ ਡਰਦੇ ਹਨ। ਬੀਤੀ 25 ਜੁਲਾਈ 2022 ਨੂੰ ਜਦੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਨਾਲ ਲੈ ਕੇ ਇਸ ਸਿਹਤ ਕੇਂਦਰ ਦਾ ਦੌਰਾ ਕੀਤਾ ਸੀ ਅਤੇ ਇਸ ਦੀ ਦਸ਼ਾ ਸੁਧਾਰਨ ਦੇ ਵੱਡੇ-ਵੱਡੇ ਐਲਾਨ ਵੀ ਕੀਤੇ ਸਨ ਪਰ ਜ਼ਮੀਨੀ ਹਕੀਕਤ ਵਿੱਚ ਕੋਈ ਬਦਲਾਓ ਨਹੀਂ ਹੋਇਆ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਯੂਥ ਆਗੂ ਹਰਸ਼ ਗਰਗ ਅਤੇ ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਵਿੱਚ ਮੁਹੱਲਾ ਕਲੀਨੀਕ ਸ਼ੁਰੂ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਦੁੂਜੇ ਪਾਸੇ ਸਿਹਤ ਕੇਂਦਰ ਬੰਦ ਹੋਣ ਦੀ ਕਗਾਰ ’ਤੇ ਹਨ। ਜਦੋਂ ਇਸ ਸਮੱਸਿਆ ਦੇ ਸਬੰਧ ’ਚ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਜਲਦੀ ਬਸੀ ਪਠਾਣਾਂ ਦੇ ਸਿਹਤ ਕੇਂਦਰ ਦੇ ਸੁਧਾਰ ਦਾ ਵਿਸ਼ਵਾਸ ਦਿਵਾਇਆ। ਮੌਕੇ ’ਤੇ ਮੌਜੂਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਨੇ ਸਿਹਤ ਕੇਂਦਰ ਦੀ ਹਾਲਤ ’ਤੇ ਚਿੰਤਾ ਜ਼ਾਹਰ ਕੀਤੀ।