ਪੱਤਰ ਪ੍ਰੇਰਕ
ਭਿੱਖੀਵਿੰਡ, 28 ਜਨਵਰੀ
ਥਾਣਾ ਝਬਾਲ ਵਿੱਚ ਬਤੌਰ ਮੁਨਸ਼ੀ ਤਾਇਨਾਤ ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਮਗਰੋਂ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੂੰ ਹਰਪਾਲ ਸਿੰਘ ਵੱਲੋਂ ਲਿਖਿਆ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਥਾਣਾ ਮੁਖੀ ਅਤੇ ਮੁੱਖ ਮੁਨਸ਼ੀ ’ਤੇ ਉਸ ਨੂੰ ਜ਼ਲੀਲ ਕਰਨ ਦੇ ਦੋਸ਼ ਲਾਏ ਹਨ। ਹਰਪਾਲ ਸਿੰਘ ਆਪਣੇ ਪਿੱਛੇ ਇੱਕ ਲੜਕਾ, ਲੜਕੀ ਅਤੇ ਪਤਨੀ ਛੱਡ ਗਏ ਹਨ। ਉਸ ਦੀ ਖ਼ੁਦਕੁਸ਼ੀ ਬਾਰੇ ਪਰਿਵਾਰ ਨੇ ਆਪਣਾ ਕੋਈ ਪੱਖ ਨਹੀਂ ਰੱਖਿਆ। ਥਾਣਾ ਕੱਚਾ ਪੱਕਾ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਹਰਪਾਲ ਸਿੰਘ ਨੇ ਕੋਈ ਦਵਾਈ ਖਾ ਲਈ ਸੀ, ਜਿਸ ਨਾਲ ਇਨਫੈਕਸ਼ਨ ਹੋਣ ਕਰਕੇ ਉਸ ਦੀ ਮੌਤ ਹੋਈ। ਖ਼ੁਦਕੁਸ਼ੀ ਨੋਟ ਬਾਰੇ ਉਨ੍ਹਾਂ ਕਿਹਾ ਕਿ ਜੇ ਪਰਿਵਾਰ ਸ਼ਿਕਾਇਤ ਕਰੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।