ਸਤਵਿੰਦਰ ਬਸਰਾ
ਲੁਧਿਆਣਾ, 24 ਸਤੰਬਰ
ਸਥਾਨਕ ਮਿੱਲਰਗੰਜ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਵੇਲੇ ਦੋ ਮੋਟਰਸਾਈਕਲ ਸਵਾਰਾਂ ਨੇ ਸੋਨੇ ਦੇ ਵਪਾਰੀ ਦੇ ਕਰਿੰਦਿਆਂ ਤੋਂ ਪਿਸਤੌਲ ਦਿਖਾ ਕੇ 35 ਲੱਖ ਰੁਪਏ ਲੁੱਟ ਲਏ। ਜਿਨ੍ਹਾਂ ਕਰਿੰਦਿਆਂ ਤੋਂ ਇਹ ਪੈਸੇ ਲੁੱਟੇ ਗਏ, ਉਨ੍ਹਾਂ ਵਿੱਚੋਂ ਇੱਕ ਕੋਲ ਲਾਇਸੈਂਸੀ ਹਥਿਆਰ ਵੀ ਸੀ। ਨੌਜਵਾਨਾਂ ਨੇ ਹੀ ਇਸ ਲੁੱਟ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਉੱਚ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸੋਨਾ ਵਪਾਰੀ ਦੀਪਕ ਆਨੰਦ ਉਰਫ ਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਦਾ ਦਫਤਰ ਕਿਸਮਤ ਕੰਪਲੈਕਸ ਦੀ ਪੰਜਵੀਂ ਮੰਜ਼ਿਲ ’ਤੇ ਹੈ। ਉਨ੍ਹਾਂ ਕੁਝ ਮਹੀਨੇ ਪਹਿਲਾਂ ਪ੍ਰਿੰਸ ਤੇ ਪੀਐੱਸਓ ਗਗਨਦੀਪ ਨੂੰ ਕੰਮ ’ਤੇ ਰੱਖਿਆ ਸੀ। ਗਗਨਦੀਪ ਕੋਲ ਲਾਇਸੈਂਸੀ ਹਥਿਆਰ ਸੀ ਜਿਸ ਕਰਕੇ ਉਸ ਨੂੰ ਨੌਕਰੀ ’ਤੇ ਰੱਖਿਆ ਗਿਆ ਸੀ। ਅੱਜ ਦੁਪਹਿਰ ਸਮੇਂ ਇਨ੍ਹਾਂ ਨੂੰ ਸਰਾਫਾ ਬਾਜ਼ਾਰ ਭੇਜਿਆ ਗਿਆ ਸੀ। ਜਦੋਂ ਇਹ ਐਕਟਿਵਾ ਬਾਹਰ ਖੜ੍ਹੀ ਕਰਕੇ ਲਿਫਟ ਰਾਹੀਂ ਜਾਣ ਲੱਗੇ ਤਾਂ ਅਚਾਨਕ ਇੱਕ ਨੌਜਵਾਨ ਸਾਹਮਣੇ ਆ ਗਿਆ। ਉਸ ਨੇ ਹਥਿਆਰ ਦਾ ਡਰਾਵਾ ਦੇ ਕੇ ਦੋਵਾਂ ਤੋਂ ਪੈਸਿਆਂ ਵਾਲਾ ਬੈਗ ਖੋਹਿਆ ਅਤੇ ਹੇਠਾਂ ਖੜ੍ਹੇ ਆਪਣੀ ਸਾਥੀ ਨਾਲ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਮਾਲਕ ਨੇ ਇਸ ਲੁੱਟ ਲਈ ਮੁਲਾਜ਼ਮਾਂ ’ਤੇ ਸ਼ੱਕ ਪ੍ਰਗਟ ਕੀਤਾ ਹੈ।
ਵਪਾਰੀ ਦੇ ਦੋਵੇਂ ਮੁਲਾਜ਼ਮ ਹਿਰਾਸਤ ਵਿੱਚ ਲਏ: ਐੱਸਪੀ
ਐੱਸਪੀ ਰਣਧੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਵੀਡੀਓਜ਼ ਘੋਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੋਨਾ ਵਪਾਰੀ ਦੇ ਦੋਵੇਂ ਮੁਲਾਜ਼ਮ ਵੀ ਸ਼ੱਕ ਦੇ ਘੇਰੇ ਵਿੱਚ ਹਨ। ਉਨ੍ਹਾਂ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ।