ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਸਤੰਬਰ
ਇਥੇ ਸੁਲਤਾਨਵਿੰਡ ਰੋਡ ਸਥਿਤ ਥਾਣਾ ਸੀ ਡਿਵੀਜ਼ਨ ਦੇ ਨੇੜੇ ਇਕ ਕੱਪੜੇ ਅਤੇ ਵੈਸਟਰਨ ਮਨੀ ਐਕਸਚੇਂਜ ਦੀ ਦੁਕਾਨ ਤੋਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਲਗਪਗ 10 ਲੱਖ ਰੁਪਏ ਦੀ ਨਕਦੀ ਅਤੇ 5 ਤੋਂ 6 ਲੱਖ ਰੁਪਏ ਦੀ ਵੱਖ ਵੱਖ ਮੁਲਕਾਂ ਦੀ ਕਰੰਸੀ ਲੁੱਟ ਲਈ ਹੈ। ਲੁੱਟ ਤੋਂ ਬਾਅਦ ਇਹ ਲੁਟੇਰੇ ਫਰਾਰ ਹੋ ਗਏ।
ਬਿੱਲੇ ਦੀ ਹੱਟੀ ਨਾਂ ਦੀ ਦੁਕਾਨ ’ਤੇ ਵਾਪਰੀ ਇਸ ਘਟਨਾ ਬਾਰੇ ਦੁਕਾਨ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਲਗਪਗ 11.30 ਵਜੇ ਦੁਕਾਨ ਵਿਚ ਚਾਰ ਵਿਅਕਤੀ ਦਾਖਲ ਹੋਏ, ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ। ਇਨ੍ਹਾਂ ਨੇ ਦੁਕਾਨ ਵਿਚ ਦਾਖਲ ਹੁੰਦਿਆਂ ਹੀ ਪਿਸਤੌਲ ਕੱਢ ਲਏ ਅਤੇ ਮਨੀ ਐਕਸਚੇਂਜ ਕਾਉੂਂਟਰ ਤੋਂ ਸਾਰੀ ਨਕਦੀ ਖੋਹ ਲਈ। ਇਸ ਦੌਰਾਨ ਮਨੀ ਐਕਸਚੇਂਜ ਕਰਾਉਣ ਵਾਸਤੇ ਆਏ ਇਕ ਗਾਹਕ ਕੋਲੋਂ ਵੀ ਇਕ ਲੱਖ ਦੀ ਨਕਦੀ ਖੋਹ ਲਈ। ਲੁਟੇਰਿਆਂ ਨੇ ਵੱਖ ਵੱਖ ਮੁਲਕਾਂ ਦੀ ਇਥੇ ਰੱਖੀ ਕਰੰਸੀ ਵੀ ਖੋਹ ਲਈ। ਦੁਕਾਨ ਵਿਚ ਬੈਠੇ ਉੁਸ ਦੇ ਭਤੀਜੇ ਦੀ ਸੋਨੇ ਦੀ ਚੇਨ ਵੀ ਖੋਹ ਲਈ ਅਤੇ ਪਲਾਂ ਵਿਚ ਹੀ ਫਰਾਰ ਹੋ ਗਏ।
ਦੁਕਾਨਦਾਰ ਦੇ ਬੇਟੇ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲ ਤੋਂ ਮਨੀ ਐਕਸਚੇਂਜ ਦਾ ਕੰਮ ਕਰ ਰਿਹਾ ਹੈ। ਸ਼ਨਿਚਰਵਾਰ ਅਤੇ ਐਤਵਾਰ ਛੁੱਟੀ ਹੋਣ ਕਾਰਨ ਉਸ ਨੇ ਕੰਮ ਵਾਸਤੇ ਦਸ ਲੱਖ ਰੁਪਏ ਨਕਦ ਕਢਵਾਏ ਹੋਏ ਸਨ। ਇਸ ਵਿਚੋਂ ਕੁਝ ਰਕਮ ਅੱਜ ਗਾਹਕਾਂ ਨੂੰ ਦਿੱਤੀ ਸੀ। ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਪਿਸਤੌਲ ਉਸ ਦੇ ਸਿਰ ’ਤੇ ਤਾਣ ਦਿੱਤੀ ਅਤੇ ਸਾਰੀ ਨਕਦੀ ਤੇ ਹੋਰ ਮੁਲਕਾਂ ਦੀ ਕਰੰਸੀ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਪਤਾ ਲੱਗਾ ਕਿ ਦੁਕਾਨ ਦੇ ਸੀਸੀਟੀਵੀ ਕੈਮਰੇ ਖਰਾਬ ਸਨ ਜਦੋਂਕਿ ਦੁਕਾਨ ਦੇ ਬਾਹਰ ਗਲੀ ਵਿਚ ਲੱਗੇ ਕੈਮਰੇ ਤੋਂ 4 ਵਿਅਕਤੀਆਂ ਦੇ ਦੁਕਾਨ ਵਿਚ ਦਾਖਲ ਹੋਣ ਅਤੇ ਵਾਪਸ ਬਾਹਰ ਆਉਣ ਦੀ ਫੁਟੇਜ ਦਿਖਾਈ ਦਿੰਦੀ ਹੈ। ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ 6 ਸੀ, ਜਿਨ੍ਹਾਂ ਵਿਚੋਂ ਦੋ ਬਾਹਰ ਮੋਟਰਸਾਈਕਲਾਂ ’ਤੇ ਬੈਠੇ ਹੋਏ ਸਨ। ਇਸ ਦੌਰਾਨ ਪੁਲੀਸ ਦੇ ਏਡੀਸੀਪੀ ਹਰਪਾਲ ਸਿੰਘ ਅਤੇ ਥਾਣਾ ਬੀ ਡਿਵੀਜ਼ਨ ਦੇ ਐਸਐਚਓ ਤੇ ਹੋਰ ਘਟਨਾ ਸਥਾਨ ’ਤੇ ਪੁੱਜੇ ਸਨ, ਜਿਨ੍ਹਾਂ ਨੇ ਘਟਨਾ ਬਾਰੇ ਪੁੱਛਗਿਛ ਕੀਤੀ ਹੈ। ਏਡੀਸੀਪੀ ਨੇ ਦੱਸਿਆ ਕਿ ਲੁਟੇਰੇ 8 ਤੋਂ 10 ਲੱਖ ਰੁਪਏ ਦੀ ਨਕਦੀ ਅਤੇ ਕੁਝ ਵਿਦੇਸ਼ੀ ਕਰੰਸੀ ਲੁੱਟ ਕੇ ਲੈ ਗਏ ਹਨ। ਪੁਲੀਸ ਵਲੋਂ ਲੁਟੇਰਿਆਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਸ਼ਹਿਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ।