ਅਜੈ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 28 ਜੂਨ
ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਇੱਕ ਵਿਅਕਤੀ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦੇ ਹੋਏ ਇੱਕ ਔਰਤ ਸਣੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ| ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਅੱਜ ਪੁਲੀਸ ਲਾਈਨ ਵਿੱਚ ਸੱਦੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਘੀ 24 ਜੂਨ ਨੂੰ ਥਾਣਾ ਸਰਹਿੰਦ ਵਿੱਚ ਜੀਵਨਦੀਪ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਪਿੰਡ ਸਾਨੀਪੁਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਸ ਦਾ ਪਤੀ 19 ਜੂਨ ਨੂੰ ਘਰ ਤੋਂ ਸਰਹਿੰਦ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ| ਥਾਣਾ ਸਰਹਿੰਦ ਦੀ ਪੁਲੀਸ ਨੇ ਸੁਖਜੀਤ ਸਿੰਘ ਦਾ ਮੋਟਰਸਾਈਕਲ ਪਿੰਡ ਸਾਨੀਪੁਰ ਕੋਲੋਂ ਲੰਘਦੀ ਭਾਖੜਾ ਨਹਿਰ ਨੇੜਿਓਂ ਬਰਾਮਦ ਕੀਤਾ| ਪੁਲੀਸ ਨੇ ਸੁਖਜੀਤ ਸਿੰਘ ਦੇ ਮੋਬਾਈਲ ਫੋਨ ਨੂੰ ਟਰੇਸ ਕੀਤਾ ਤਾਂ ਉਸ ਦਾ ਮੋਬਾਈਲ ਵੀ ਮੋਟਰਸਾਈਕਲ ਵਾਲੀ ਥਾਂ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਨਹਿਰ ਕੋਲ ਮਿੱਟੀ ਵਿੱਚ ਦੱਬਿਆ ਮਿਲਿਆ| ਐੱਸਐੱਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਖਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਪਿਛਲੇ 20-25 ਤਿਨ ਤੋਂ ਉਸ ਦੀ ਦੋਸਤੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਹੁਸੈਨਪੁਰ ਮੌਜੂਦਾ ਪਤਾ ਰਾਮਦਾਸ ਨਗਰ, ਸਾਨੀਪੁਰ ਨਾਲ ਹੋ ਗਈ ਸੀ| ਗੁਰਪ੍ਰੀਤ ਸਿੰਘ ਹਰ ਰੋਜ਼ ਸੁਖਜੀਤ ਸਿੰਘ ਨੂੰ ਸ਼ਰਾਬ ਪੀਣ ਲਈ 200-300 ਰੁਪਏ ਦਿੰਦਾ ਸੀ, ਜਿਸ ਦਾ ਸੁਖਜੀਤ ਸਿੰਘ ਤੀ ਪਤਨੀ ਜੀਵਨਦੀਪ ਕੌਰ ਨੇ ਵਿਰੋਧ ਵੀ ਕੀਤਾ ਸੀ| ਜਾਂਚ ਦੌਰਾਨ ਪਤਾ ਲੱਗਾ ਕਿ 19 ਜੂਨ ਨੂੰ ਸੁਖਜੀਤ ਸਿੰਘ ਨੂੰ ਗੁਰਪ੍ਰੀਤ ਸਿੰਘ, ਉਸ ਦੇ ਸਾਥੀ ਸੁਖਵਿੰਦਰ ਸਿੰਘ ੳਰੁਫ ਸੰਘਾ ਅਤੇ ਗੁਰਪ੍ਰੀਤ ਸਿੰਘ ਦੀ ਪਤਨੀ ਖੁਸ਼ਦੀਪ ਕੌਰ ਨਾਲ ਦੇਖਿਆ ਗਿਆ ਸੀ| ਪੁਲੀਸ ਨੇ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ 20 ਜੂਨ ਨੂੰ ਗੁਰਪ੍ਰੀਤ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਸਬੰਧੀ ਉਸ ਦੇ ਵਾਰਸਾਂ ਨੇ ਸਦਰ ਥਾਣਾ ਰਾਜਪੁਰਾ ਵਿੱਚ ਕੇਸ ਦਰਜ ਕਰਵਾਇਆ ਸੀ| ਥਾਣਾ ਸਦਰ ਦੀ ਪੁਲੀਸ ਮੁਤਾਬਕ ਲਾਸ਼ ਬੁਰੀ ਤਰ੍ਹਾਂ ਦਰੜੀ ਹੋਈ ਸੀ ਜਿਸ ਦਾ ਚਿਹਰਾ ਬੇਪਛਾਣ ਕੀਤਾ ਹੋਇਆ ਸੀ। ਲਾਸ਼ ਦੀ ਸ਼ਨਾਖਤ ਵਾਰਸਾਂ ਵੱਲੋਂ ਗੁਰਪ੍ਰੀਤ ਸਿੰਘ ਵਜੋਂ ਕੀਤੀ ਗਈ ਸੀ, ਜਿਸ ਦਾ ਪੋਸਟਮਾਰਟਮ ਸਿਵਲ ਹਸਪਤਾਲ ਰਾਜਪੁਰਾ ਵਿੱਚ ਕਰਵਾ ਕੇ ਪਿੰਡ ਸਾਨੀਪੁਰ ਵਿੱਚ ਸਸਕਾਰ ਕੀਤਾ ਗਿਆ ਸੀ| ਪੁਲੀਸ ਵੱਲੋਂ ਤਕਨੀਕੀ ਤਰੀਕੇ ਨਾਲ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਇਹ ਲਾਸ਼ ਗੁਰਪ੍ਰੀਤ ਸਿੰਘ ਦੀ ਨਹੀਂ ਬਲਕਿ ਸੁਖਜੀਤ ਸਿੰਘ ਦੀ ਸੀ ਅਤੇ ਗੁਰਪ੍ਰੀਤ ਸਿੰੰਘ, ਉਸ ਦੀ ਪਤਨੀ ਖੁਸ਼ਦੀਪ ਕੌਰ ਅਤੇ ਸੁਖਵਿੰਦਰ ਸਿੰਘ ਉਰਫ ਸੰਘਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਾਜ਼ਿਸ਼ ਤਹਿਤ ਸੁਖਜੀਤ ਸਿੰਘ ਨੂੰ ਸ਼ਰਾਬੀ ਕਰ ਕੇ ਉਸ ਦੇ ਉੱਪਰੋਂ ਟਰੱਕ ਲੰਘਾ ਕੇ ਉਸ ਦਾ ਕਤਲ ਕੀਤਾ ਸੀ| ਰਾਜਪੁਰਾ ਵਿੱਚ ਗੁਰਪ੍ਰੀਤ ਸਿੰਘ ਦੀ ਮੌਤ ਦਾ ਕੇਸ ਦਰਜ ਕਰਵਾ ਦਿੱਤਾ| ਐੱਸਐੱਸਪੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਇਸ ਕਤਲ ਦਾ ਮੁੱਖ ਕਾਰਨ ਇਹ ਸੀ ਕਿ ਗੁਰਪ੍ਰੀਤ ਸਿੰਘ ਨੇ ਪਿਛਲੇ ਸਾਲ ਰਾਜੇਸ਼ ਕੁਮਾਰ ਸ਼ਰਮਾ ਨਾਮ ਦੇ ਵਿਅਕਤੀ ਤੋਂ ਚਾਰ ਕਰੋੜ ਰੁਪਏ ਦੇ ਆਪਣੇ ਤਿੰਨ ਬੀਮੇ ਕਰਵਾਏ ਸਨ| ਪੁਲੀਸ ਮੁਤਾਬਕ ਉਕਤ ਰਾਜੇਸ਼ ਕੁਮਾਰ ਸ਼ਰਮਾ ਵੀ ਇਸ ਸਾਜ਼ਿਸ਼ ਵਿੱਚ ਸ਼ਾਮਿਲ ਸੀ|
ਸਰੀਰ ਦੀ ਬਣਤਰ ਨਾ ਮਿਲਣ ਕਾਰਨ ਦੋ ਦੀ ਬਚੀ ਜਾਨ
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਪਹਿਲਾਂ ਕਪਿਲ ਵਾਸੀ ਕੁੰਭੜਾ ਮੁਹਾਲੀ ਅਤੇ ਕਮਲਦੀਪ ਸਿੰਘ ਵਾਸੀ ਪਿੰਡ ਧਰੇੜੀ ਜੱਟਾਂ ਪਟਿਆਲਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਇੱਕ ਵਿਅਕਤੀ ਦੀ ਬਾਂਹ ‘ਤੇ ਟੈਟੂ ਬਣਿਆ ਹੋਇਆ ਸੀ ਅਤੇ ਇੱਕ ਦੇ ਸਰੀਰ ਦੀ ਬਣਤਰ ਗੁਰਪ੍ਰੀਤ ਸਿੰਘ ਨਾਲ ਨਾ ਮਿਲਣ ਕਰ ਕੇ ਕਤਲ ਨਹੀਂ ਕੀਤਾ ਗਿਆ|