ਇਕਬਾਲ ਸਿੰਘ ਸ਼ਾਂਤ
ਲੰਬੀ, 17 ਫਰਵਰੀ
ਪਿੰਡ ਭਾਗੂ ਵਿੱਚ ਅੱਜ ਦਿਨ-ਦਿਹਾੜੇ ਕਾਰ ਸਵਾਰ ਚਾਰ-ਪੰਜ ਹਥਿਆਰਬੰਦ ਨੌਜਵਾਨਾਂ ਨੇ ਭਾਗੂ ਦੀ ਸਰਪੰਚ ਦੇ ਪਤੀ ਤੇ ਕਾਂਗਰਸੀ ਆਗੂ ਜਸਵਿੰਦਰ ਭਾਗੂ ਨੂੰ ਘੇਰ ਕੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ। ਗੰਭੀਰ ਹਾਲਤ ਵਿੱਚ ਜਸਵਿੰਦਰ ਭਾਗੂ ਨੂੰ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ।
ਜ਼ਖ਼ਮੀ ਜਸਵਿੰਦਰ ਸਿੰਘ ਦੇ ਭਰਾ ਜਗਜੀਤ ਸਿੰਘ ਅਨੁਸਾਰ ਹਮਲਾਵਰਾਂ ਦੀ ਕਾਰ ’ਤੇ ਅਕਾਲੀ ਦਲ ਦੇ ਝੰਡੇ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਜਸਵਿੰਦਰ ਮੌਜੂਦਾ ਚੋਣਾਂ ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਸਰਗਰਮ ਹਮਾਇਤ ਕਰ ਰਿਹਾ ਹੈ ਅਤੇ ਭਾਗੂ ਸਮੇਤ ਕਈ ਪਿੰਡਾਂ ਦੀ ਚੋਣ ਮੁਹਿੰਮ ਸੰਭਾਲ ਰਿਹਾ ਹੈ। ਉਸਦੀ ਪਤਨੀ ਅਮਨਦੀਪ ਪਿੰਡ ਦੀ ਸਰਪੰਚ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮੋਟਰਸਾਈਕਲ ’ਤੇ ਕਰੀਬ ਸਾਢੇ 12 ਵਜੇ ਘਰ ਤੋਂ ਪੰਜਾਵਾ ਰੋਡ ’ਤੇ ਖੇਤ ਜਾ ਰਿਹਾ ਸੀ ਤਾਂ ਸਫ਼ੈਦ ਰੰਗ ਦੀ ਸਵਿਫ਼ਟ ਕਾਰ ’ਚੋਂ ਉੱਤਰੇ ਚਾਰ ਹਥਿਆਰਬੰਦ ਵਿਅਕਤੀਆਂ ਨੇ ਜਸਵਿੰਦਰ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀਆਂ ਦੋਵੇਂ ਲੱਤਾਂ ਤੋੜ ਕੇ ਫਰਾਰ ਹੋ ਗਏ। ਜਸਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਚੋਣ ਮੁਹਿੰਮ ਤੋਂ ਪਾਸੇ ਕਰਨ ਲਈ ਹਮਲਾ ਕੀਤਾ ਗਿਆ। ਲੰਬੀ ਥਾਣੇ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਹੈ।