ਬਠਿੰਡਾ: ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੀ ਟੀਮ ਨੇ ਸਥਾਨਕ ਥਾਣਾ ਕੋਤਵਾਲੀ ਅਧੀਨ ਆਉਂਦੀ ਪੁਲੀਸ ਚੌਕੀ ਸਿਵਲ ਹਸਪਤਾਲ ਬਠਿੰਡਾ ’ਚ ਤਾਇਨਾਤ ਹੌਲਦਾਰ ਬਿਕਰਮ ਸਿੰਘ ਨੂੰ 5 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਵਾਸੀ ਨਛੱਤਰ ਨਗਰ ਬਠਿੰਡਾ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਕਿਸੇ ਨਾਲ ਹੋਏ ਝਗੜੇ ਵਿੱਚ ਰਾਜ਼ੀਨਾਮਾ ਕਰਵਾਉਣ ਬਦਲੇ ਹੌਲਦਾਰ ਬਿਕਰਮ ਸਿੰਘ ਵੱਲੋਂ ਉਸ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅੱਜ ਵਿਜੀਲੈਂਸ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਹੌਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ