ਬਹਾਦਰਜੀਤ ਸਿੰਘ
ਰੂਪਨਗਰ, 6 ਅਕਤੂਬਰ
ਇੱਥੇ ਪੰਜਾਬ ਸੀਟੂ ਦੇ ਜਨਰਲ ਸਕੱਤਰ ਅਤੇ ਸੂਬਾ ਪ੍ਰਧਾਨ ਕਾਮਰੇਡ ਰਘੂਨਾਥ ਸਿੰਘ ਮਹਾਂ ਸਿੰਘ ਰੋੜੀ ਦੀ ਅਗਵਾਈ ਵਿੱਚ ਸੀਟੂ ਦੇ ਕਾਰਕੁਨਾਂ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਦਲਿਤ ਲੜਕੀ ਨਾਲ ਹੋਏ ਬਲਾਤਕਾਰ, ਉਸ ’ਤੇ ਕੀਤੇ ਤਸ਼ੱਦਦ ਅਤੇ ਉਸਦੀ ਹੋਈ ਮੌਤ ਵਿਰੁੱਧ ਅੱਜ ਇੱਥੇ ਨਗਰ ਕੌਂਸਲ ਦਫਤਰ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਪੁਤਲਾ ਸਾੜਿਆ ਗਿਆ। ਕਾਮਰੇਡ ਰਘੂਨਾਥ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਦੇ ਰਾਜ ਅਤੇ ਭਾਜਪਾ ਸ਼ਾਸ਼ਿਤ ਰਾਜਾਂ ’ਚ ਬਹੁ-ਬੇਟੀਆਂ ਅਤੇ ਦਲਿਤ ਸੁਰੱਖਿਅਤ ਨਹੀਂ ਹਨ। ਭਾਜਪਾ ਦੇ ਸ਼ਾਸਤ ਰਾਜ ਉੱਤਰ ਪ੍ਰਦੇਸ਼ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਮਾੜੀ ਹੁੰਦੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਬਲਾਤਕਾਰ ਕਰਨ ਵਾਲੇ ਦੋਸ਼ੀਆਂ, ਪੁਲੀਸ ਅਧਿਕਾਰੀਆਂ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦੇਣ ਲਈ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ।
ਚਮਕੌਰ ਸਾਹਿਬ (ਸੰਜੀਵ ਬੱਬੀ): ਉੱਤਰ ਪ੍ਰਦੇਸ਼ ਦੇ ਹਾਥਰਸ ਅਤੇ ਬਲਰਾਮਪੁਰ ਵਿੱਚ ਦਰਿੰਦਗੀ ਦਾ ਸ਼ਿਕਾਰ ਹੋਈਆਂ ਨੌਜਵਾਨ ਲੜਕੀਆਂ ਅਤੇ ਦੇਸ਼ ਵਿੱਚ ਔਰਤ-ਵਰਗ ਪ੍ਰਤੀ ਵਧ ਰਹੀ ਹਿੰਸਾ ਵਿਰੁੱਧ ਇੱਥੋਂ ਦੇ ਬਾਜ਼ਾਰਾਂ ਵਿੱਚ ਗੁੰਡਾਗਰਦੀ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ।
ਮੰਡੀ ਗੋਬਿੰਦਗੜ੍ਹ (ਹਿਮਾਂਸ਼ੂ ਸੂਦ): ਭਗਵਾਨ ਵਾਲਮਿਕ ਧਰਮ ਪ੍ਰਚਾਰ ਪ੍ਰਬੰਧਕ ਕਮੇਟੀ, ਨਗਰ ਕੌਂਸਲ ਸਫ਼ਾਈ ਮਜ਼ਦੂਰ, ਕਰਮਚਾਰੀ ਯੂਨੀਅਨ ਮੰਡੀ ਗੋਬਿੰਦਗੜ੍ਹ ਅਤੇ ਆਦਿ ਧਰਮ ਸਮਾਜ ਭਾਰਤ ਵੱਲੋਂ ਸਾਂਝੇ ਤੌਰ ’ਤੇ ਹਾਥਰਸ ਕਾਂਡ ਦੀ ਪੀੜਤ ਨੂੰ ਇਨਸਾਫ਼ ਅਤੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੇ ਮਕਸਦ ਨਾਲ ਯੂਨੀਅਨ ਦੇ ਦਫ਼ਤਰ ਅੱਗੇ ਤੋਂ ਮੋਦੀ ਸਰਕਾਰ ਦੇ ਖਿਲਾਫ ਇੱਕ ਅਰਥੀ ਫੂਕ ਮੁਜ਼ਾਹਰਾ ਅਤੇ ਵਿਸ਼ਾਲ ਰੈਲੀ ਚੇਅਰਮੈਨ ਸੋਹਨ ਸਿੰਘ, ਪ੍ਰਧਾਨ ਰਜਿੰਦਰ ਗਾਗਟ, ਮੀਤ ਪ੍ਰਧਾਨ ਪਵਨ ਕੁਮਾਰ ਪੰਮੀ ਦੀ ਅਗਵਾਈ ਵਿਚ ਕੱਢੀ ਗਈ।
ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ
ਖਰੜ (ਸ਼ਸ਼ੀ ਪਾਲ ਜੈਨ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਹਾਥਰਸ ਕਾਂਡ ’ਚ ਦਲਿਤ ਲੜਕੀ ਨਾਲ ਹੋਏ ਜਬਰ-ਜਨਾਹ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਮਿਲਣ ਗਏ ਰਾਜ ਸਭਾ ਦੇ ਮੈਂਬਰ ਸੰਜੇ ਸ਼ਰਮਾ ਅਤੇ ਪੰਜਾਬ ਦੇ ਕੁਝ ਵਿਧਾਇਕਾਂ ’ਤੇ ਸਿਆਹੀ ਸੁੱਟਣ ਦੇ ਮਾਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪੁਤਲੇ ਸਾੜੇ ਗਏ।