ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਨਵੰਬਰ
ਬਠਿੰਡਾ ਰੋਡ ਪੰਜਾਬ-ਹਰਿਆਣਾ ਹੱਦ ’ਤੇ ਭਾਕਿਯੂ ਏਕਤਾ ਉਗਰਾਹਾਂ ਦੇ ਪੱਕੇ ਵਿਸ਼ਾਲ ਮੋਰਚੇ-ਕਮ-ਧਰਨੇ ਮੌਕੇ ਪੰਜਾਹ ਕੁ ਨੌਜਵਾਨਾਂ ਹਰਿਆਣਾ ਪੁਲੀਸ ਦਾ ਨਾਕਾ ਤੋੜ ਕੇ ਅਗਾਂਹ ਵਧਣ ਦੀ ਜ਼ਿੱਦ ’ਤੇ ਅੜ ਗਏ। ਇਸ ’ਤੇ ਪ੍ਰਬੰਧਕਾਂ ਨੇ ਸੰਘਰਸ਼ ਨੂੰ ਸੰਜਮ ਨਾਲ ਲੜਨ ਸਬੰਧੀ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਭੜਕੇ ਨੌਜਵਾਨ ਮੰਨਣ ਦੀ ਬਜਾਇ ਨਾਕਾ ਤੋੜਨ ਲਈ ਬਜ਼ਿੱਦ ਰਹੇ। ਕਰੀਬ ਚਾਲੀ ਮਿੰਟਾਂ ਤੱਕ ਨੌਜਵਾਨਾਂ ਨੇ ਖਰੂਦ ਪਾਇਆ, ਜਿਸ ’ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਲਛਮਣ ਸਿੰਘ ਸੇਵੇਵਾਲਾ ਨੇ ਸਟੇਜ ਤੋਂ ਐਲਾਨ ਕੀਤਾ ਕਿ ਜਿਹੜੇ ਨੌਜਵਾਨ ਹਰਿਆਣਾ ਪੁਲੀਸ ਦਾ ਨਾਕਾ ਤੋੜ ਕੇ ਅਗਾਂਹ ਵਧਣਾ ਚਾਹੁੰਦੇ ਹਨ ਤਾਂ ਉਹ ਕਿਸੇ ਹੋਰ ਨਾਕੇ ਰਾਹੀਂ ਆਜ਼ਾਦ ਤੌਰ ’ਤੇ ਸਬੰਧਤ ਯੂਨੀਅਨਾਂ ਦੇ ਝੰਡੇ ਛੱਡ ਕੇ ਅਗਾਂਹ ਵਧ ਸਕਦੇ ਹਨ। ਇਸ ਮੌਕੇ ਵਾਲੰਟੀਅਰਾਂ ਨੇ ਬੜੇ ਸੰਯਮ ਨਾਲ ਮੂਹਰੇ ਹੋ ਕੇ ਭੜਕੇ ਨੌਜਵਾਨਾਂ ਨੂੰ ਅਗਾਂਹ ਵਧਣ ਤੋਂ ਰੋਕਿਆ। ਇਸ ’ਤੇ ਇਹ ਨੌਜਵਾਨ ਧਰਨੇ ’ਤੇ ਚੱਲ ਰਿਹਾ ਬਿਜਲੀ ਵਾਲਾ ਜਨਰੇਟਰ ਬੰਦ ਕਰਨ ਵੱਲ ਵਧ ਪਏ। ਵਾਲੰਟੀਅਰਾਂ ਨੇ ਉਨ੍ਹਾਂ ਨੂੰ ਰੋਕਿਆ। ਇਸ ਖਰੂਦਗਿਰੀ ਮੌਕੇ ਕਈ ਗਰਮਦਲੀਏ ਆਗੂ ਵੀ ਭੜਕਵੇਂ ਨੌਜਵਾਨਾਂ ਦੇ ਨੇੜੇ ਖੜ੍ਹੇ ਵਿਖਾਈ ਦਿੱਤੇ। ਯੂਨੀਅਨ ਆਗੂਆਂ ਨੇ ਸਟੇਜ ਤੋਂ ਇਸ ਭੜਕਾਊ ਕੋਸ਼ਿਸ਼ ਲਈ ਸੀਆਈਡੀ ਦੇ ਇੱਕ ਅਧਿਕਾਰੀ ’ਤੇ ਦੋਸ਼ ਲਗਾਏ। ਦੂਜੇ ਸੀਆਈਡੀ ਅਧਿਕਾਰੀ ਨੇ ਅਜਿਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।