ਚਰਨਜੀਤ ਭੁੱਲਰ
ਚੰਡੀਗੜ੍ਹ, 7 ਅਪਰੈਲ
ਪੰਜਾਬ ’ਚ ਐਤਕੀਂ ਹਾੜ੍ਹੀ ਦੀ ਫਸਲ ਨੇ ਨਵੀਂ ਆਸ ਬੰਨ੍ਹੀ ਹੈ। ਬੇਸ਼ੱਕ ਵਾਢੀ ਦਾ ਕੰਮ ਫਿਲਹਾਲ ਸੁਸਤ ਚਾਲੇ ਹੈ ਪਰ ਮਾਰਚ ਮਹੀਨੇ ਦੀ ਗਰਮੀ ਕਰਕੇ ਵਾਢੀ ਇੱਕ ਹਫ਼ਤਾ ਅਗੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰੂਸ ਯੂਕਰੇਨ ਕਰਕੇ ਐਤਕੀਂ ਅਨਾਜ ਦੀ ਵੁੱਕਤ ਵਧੀ ਹੈ ਤੇ ਕੌਮਾਂਤਰੀ ਬਾਜ਼ਾਰ ਵਿੱਚ ਕਣਕ ਦੀ ਪੁੱਛਗਿੱਛ ਚਮਕੀ ਹੈ। ਵਪਾਰੀ ਤਬਕਾ ਵੀ ਫਸਲ ਖ਼ਰੀਦੇਗਾ।
ਹਾੜ੍ਹੀ ਦਾ ਚੰਗਾ ਪੱਖ ਦੇਖੀਏ ਤਾਂ ਪੰਜਾਬ ਦੀ ਕਣਕ ਦੀ ਮੰਗ ਵਧ ਗਈ ਹੈ ਅਤੇ ਇਸ ਵਾਰ ਭਾਰਤੀ ਖੁਰਾਕ ਨਿਗਮ ਨੇ 40 ਫ਼ੀਸਦੀ ਫਸਲ ਮੰਡੀਆਂ ’ਚੋਂ ਹੀ ਸਿੱਧੀ ਚੁਕਾਈ ਕਰਕੇ ਦੂਸਰੇ ਸੂਬਿਆਂ ਵਿੱਚ ਭੇਜਣੀ ਹੈ। ਕਣਕ ਦਾ ਭਾਅ ਤੇਜ਼ ਹੈ ਅਤੇ ਕਾਰਪੋਰੇਟ ਕਿਸਾਨਾਂ ਨੂੰ ਉੱਚਾ ਭਾਅ ਦੇਣ ਲਈ ਤਿਆਰ ਹਨ ਅਤੇ ਸਰਦੇ ਪੁੱਜਦੇ ਕਿਸਾਨ ਤਾਂ ਇਸ ਵਾਰ ਕਣਕ ਭੰਡਾਰ ਕਰਨ ਦੇ ਮੂਡ ਵਿਚ ਵੀ ਹਨ। ਪੰਜਾਬ ਸਰਕਾਰ ਨੇ 132 ਲੱਖ ਮੀਟਰਿਕ ਟਨ ਕਣਕ ਖ਼ਰੀਦ ਦਾ ਟੀਚਾ ਰੱਖਿਆ ਹੈ। ਭਾਰਤ ਸਰਕਾਰ ਨੇ ਚਾਲੂ ਮਾਲੀ ਵਰ੍ਹੇ ਵਿਚ 100 ਲੱਖ ਮੀਟਰਿਕ ਟਨ ਕਣਕ ਬਰਾਮਦ ਕਰਨ ਦਾ ਟੀਚਾ ਮਿਥਿਆ ਹੈ। ਸੂਤਰਾਂ ਮੁਤਾਬਕ ਇਸ ਵਾਰ ਪੰਜਾਬ ਦੀ ਕਣਕ ਦੀ ਬਰਾਮਦ ਕੀਤੀ ਜਾਵੇਗੀ। ਕਣਕ ਦੀ ਮੰਗ ਵਧਣ ਕਰਕੇ ਪੰਜਾਬ ਦੇ ਅੰਨਦਾਤੇ ਦੀ ਵੁੱਕਤ ਪਈ ਹੈ ਅਤੇ ਲੰਘੇ ਦੋ ਮਹੀਨਿਆਂ ਵਿਚ ਪੰਜਾਬ ਵਿੱਚੋਂ 14 ਲੱਖ ਮੀਟਰਿਕ ਟਨ ਅਨਾਜ ਪੰਜਾਬ ’ਚੋਂ ਮੂਵ ਹੋਇਆ ਹੈ।
ਕੇਂਦਰੀ ਅਧਿਕਾਰੀਆਂ ਵੱਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
ਪਟਿਆਲਾ (ਸਰਬਜੀਤ ਸਿੰਘ ਭੰਗੂ): ਐੱਫਸੀਆਈ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਆਤਿਸ਼ ਚੰਦਰਾ ਨੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਕਝ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਅਤੇ ਅਦਾਇਗੀ ਸਮੇਤ ਜਿਣਸ ਭੰਡਾਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਗੋਦਾਮ ’ਚ ਭੰਡਾਰ ਕੀਤੇ ਚੌਲਾਂ ਦੀ ਕੁਆਲਟੀ ਬਰਕਰਾਰ ਰੱਖਣ ਲਈ ਵਰਤੀ ਜਾਂਦੀ ਤਕਨੀਕ ਅਤੇ ਸਟੋਰੇਜ ਪ੍ਰਬੰਧਾਂ ਦਾ ਨਿਰੀਖਣ ਵੀ ਕੀਤਾ। ਡੀਸੀ ਸਾਕਸ਼ੀ ਸਾਹਨੀ ਮੁਤਾਬਕ ਆਤਿਸ਼ ਚੰਦਰਾ ਨੇ ਸੁਚੱਜੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਹੈ।