ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਗਸਤ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਵਿਖਾਈਆਂ ਤੇ ਦਾਅਵਾ ਕੀਤਾ ਕਿ 2024 ਵਿੱਚ ਐੱਨਡੀਏ ਸਰਕਾਰ ਸੱਤਾ ਤੋਂ ਲਾਂਭੇ ਹੋ ਜਾਵੇਗੀ ਤੇ ਕਿਸਾਨ ਪੱਖੀ ਸਰਕਾਰ ਸੱਤਾ ਵਿੱਚ ਆਵੇਗੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਵਿਖਾਈਆਂ ਤੇ ਬੈਨਰ ਲਹਿਰਾਏ, ਜਿਨ੍ਹਾਂ ’ਤੇ ‘ਕੇਂਦਰ ਸਰਕਾਰ ਕਰ ਲੇ ਪਹਿਚਾਨ, ਯੇਹ ਹੈ ਹਮਾਰਾ ਸ਼ਹੀਦ ਕਿਸਾਨ’ ਲਿਖਿਆ ਹੋਇਆ ਸੀ। ਬਾਅਦ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿੱਚ 127ਵੇਂ ਸੋਧ ਬਿੱਲ ’ਤੇ ਗੱਲ ਕਰਦਿਆਂ ਇਹ ਮਾਮਲਾ ਚੁੱਕਿਆ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਸ਼ਹੀਦ ਕਿਸਾਨਾਂ ਦੀ ਹੋਂਦ ’ਤੇ ਸਵਾਲ ਚੁੱਕਣ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲਿਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੇ ਜਾਣ ਕਾਰਨ ਸ੍ਰੀਮਤੀ ਬਾਦਲ ਸੰਸਦ ਵਿੱਚ ਅੱਜ ਇਹ ਤਸਵੀਰਾਂ ਲੈ ਕੇ ਪੁੱਜੇ ਸਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰਭਾਵਿਤ ਪਰਿਵਾਰਾਂ ਤੰਕ ਪਹੁੰਚ ਕਰੇ ਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਕਾਂਗਰਸ ਵੱਲੋਂ ਸੰਸਦ ਦੇ ਬਾਹਰ ਕਿਸਾਨੀ ਮੁੱਦੇ ਚੁੱਕ ਕੇ ਤੇ ਸੰਸਦ ਦੇ ਅੰਦਰ ਸਿਰਫ਼ ਪੈਗਾਸਸ ਬਾਰੇ ਚਰਚਾ ਕਰਨ ਦੀ ਮੰਗ ਕਰ ਕੇ ਦੋਹਰੇ ਮਾਪਦੰਡ ਅਪਣਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਲੋੜ ’ਤੇ ਚਰਚਾ ਕਰਨ ਦੀ ਮੰਗ ਕਰਨੀ ਚਾਹੀਦੀ ਸੀ। ਸ੍ਰੀਮਤੀ ਬਾਦਲ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਇਸ ਨੂੰ ਸੱਤਾ ਤੋਂ ਹੱਥ ਧੋਣੇ ਪੈਣਗੇ।