ਤਲਵੰਡੀ ਸਾਬੋ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਜਗਾ ਰਾਮ ਤੀਰਥ, ਕੌਰੇਆਣਾ, ਗਿਆਨਾ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਜਨ ਸਭਾਵਾਂ ਨੂੰ ਸਬੋਧਨ ਕੀਤਾ। ਸ੍ਰੀ ਬਾਦਲ ਨੇ ਕਿਹਾ ਕਿ ਬੀਬੀ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਆਵਾਜ਼ ਬੁਲੰਦ ਕੀਤੀ। ਇਸ ਲਈ ਉਹ ਹੀ ਵੋਟਾਂ ਦੀ ਹੱਕਦਾਰ ਹੈ ਤਾਂ ਜੋ ਉਹ ਲੋਕ ਸਭਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁੱਦੇ ਚੁੱਕਦੀ ਰਹੇ।
ਉਨ੍ਹਾਂ ਭਗਵੰਤ ਮਾਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਬਠਿੰਡਾ ਰੋਡ ਸ਼ੋਅ ਦੌਰਾਨ ਆਪਣਾ ਜੂਠਾ ਪਾਣੀ ਆਪਣੀ ਦਸਤਾਰ ’ਤੇ ਪਾ ਕੇ ਪੱਗ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਤਕਰੀਬਨ ਬੰਦ ਕਰ ਰੱਖੀਆਂ ਹਨ। ਜਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਉਹ ਸਾਰੀਆਂ ਸਕੀਮਾਂ ਦੁਬਾਰਾ ਚਾਲੂ ਕਰਾਂਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਹਲਕਾ ਬਠਿੰਡਾ ਦੇ ਨਾ ਕੇਵਲ ਸੰਸਦ ਵਿੱਚ ਮੁੱਦੇ ਚੁੱਕੇ ਸਗੋਂ ਰਿਕਾਰਡ ਵਿਕਾਸ ਕਾਰਜ ਵੀ ਕਰਵਾਏ।