ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੁਲਾਈ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਵਿਚ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਕਿ ਨੌਜਵਾਨਾਂ ਵਿਚ ਕੱਟੜਤਾ ਫੈਲਣ ਤੋਂ ਰੋਕਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ਫ਼ਿਰਕੂ ਝੜਪਾਂ ਹੋਈਆਂ ਹਨ ਜਿਸ ਕਾਰਨ ਹਾਲਾਤ ਵਿਗੜੇ ਹਨ ਤੇ ਦਹਿਸ਼ਤੀ ਸਰਗਰਮੀਆਂ ਤੇ ਹਾਈ ਪ੍ਰੋਫਾਈਲ ਹੱਤਿਆਵਾਂ ਨਾਲ ਵੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਬਣ ਗਈ ਹੈ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਦੀ ਰਾਖੀ ਕਰਨ ਦੀ ਥਾਂ ਹੱਥ ਖੜ੍ਹੇ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਅਤੇ ਕੰਵਰ ਗਰੇਵਾਲ ਦੇ ਗੀਤ ਰਿਹਾਈ ’ਤੇ ਪਾਬੰਦੀ ਵਰਗੇ ਕਦਮਾਂ ਨੇ ਅਲੱਗ-ਥਲੱਗ ਹੋਣ ਦੀਆਂ ਭਾਵਨਾਵਾਂ ਵਧਾਈਆਂ ਹਨ। ਅਜਿਹੇ ਗੀਤਾਂ ’ਤੇ ਪਾਬੰਦੀ ਲਗਾਉਣ ਦੇ ਉਲਟ ਨਤੀਜੇ ਨਿਕਲ ਸਕਦੇ ਹਨ ਤੇ ਇਹ ਪਾਬੰਦੀ ਤੁਰੰਤ ਖ਼ਤਮ ਹੋਣੀ ਚਾਹੀਦੀ ਹੈ।