ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਫਰਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸਿੱਧਾ ਦਖਲ ਦੇਣ ਬਾਅਦ ਸਿੱਖ ਟੀਵੀ ਐਂਕਰ ਹਰਮੀਤ ਸਿੰਘ ਤੇ ਉਸ ਦੇ ਪਰਿਵਾਰ ਨੂੰ ਆਸ ਬੱਝੀ ਹੈ ਕਿ ਉਸ ਦੇ ਭਰਾ ਪਰਵਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਨਿਆਂ ਮਿਲੇਗਾ। ਇਸ ਮਾਮਲੇ ਵਿਚ ਹਰਮੀਤ ਸਿੰਘ ਨੂੰ ਪਿਸ਼ਾਵਰ ਦੀ ਕੇਂਦਰੀ ਜੇਲ੍ਹ ਵਿਚੋਂ ਧਮਕੀਆਂ ਮਿਲ ਚੁੱਕੀਆਂ ਹਨ। ਹਰਮੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮਾਮਲੇ ਵਿਚ ਸਿੱਧਾ ਦਖ਼ਲ ਦਿੱਤਾ ਹੈ ਜਿਸ ਤੋਂ ਬਾਅਦ ਖੈਬਰ ਪਖਤੂਨਖਵਾ ਤੇ ਇਸਲਾਮਾਬਾਦ ਤੋਂ ਅਧਿਕਾਰੀਆਂ ਨੇ ਉਸ ਤਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਾਇਆ ਕਿ ਪਿਸ਼ਾਵਰ ਦੀ ਕੇਂਦਰੀ ਜੇਲ੍ਹ ਵਿਚ ਉਸ ਦੇ ਭਰਾ ਪਰਵਿੰਦਰ ਦੇ ਕਾਤਲ ਬੰਦ ਹਨ ਤੇ ਜੇਲ੍ਹ ਵਿਚੋਂ ਸਰਕਾਰੀ ਫੋਨ ਨੰਬਰ ਤੋਂ ਉਸ ਨੂੰ ਧਮਕੀ ਦਿੱਤੀ ਗਈ ਹੈ। ਉਸ ਨੂੰ ਇਹ ਕੇਸ ਨਾ ਉਭਾਰਨ ਲਈ ਵੀ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਦਫਤਰ ਤੋਂ ਫੋਨ ਸੁਨੇਹਾ ਮਿਲਿਆ ਹੈ ਜਿਨ੍ਹਾਂ ਨੇ ਉਸ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਹੈ। ਉਸ ਦੇ ਭਰਾ ਦੇ ਕਤਲ ਕੇਸ ਦੀ ਸੁਣਵਾਈ ਮਰਦਾਨ ਅਦਾਲਤ ਵਿਚ ਚੱਲ ਰਹੀ ਹੈ।
ਦੱਸਣਾ ਬਣਦਾ ਹੈ ਕਿ ਪਰਵਿੰਦਰ ਸਿੰਘ (25) ਨੂੰ ਪਿਛਲੇ ਸਾਲ ਚਾਰ ਜਨਵਰੀ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਮ੍ਰਿਤਕ ਦੀ ਮੰਗੇਤਰ ਪ੍ਰੇਮ ਕੁਮਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ’ਤੇ ਦੋਸ਼ ਹੈ ਕਿ ਉਸ ਨੇ ਸੁਪਾਰੀ ਦੇ ਕੇ ਪਰਵਿੰਦਰ ਨੂੰ ਮਰਵਾਇਆ ਹੈ।