ਦਵਿੰਦਰ ਪਾਲ/ਮਹਿੰਦਰ ਸਿੰਘ ਰੱਤੀਆਂ
ਚੰਡੀਗੜ੍ਹ/ਮੋਗਾ, 15 ਜਨਵਰੀ
ਪੰਜਾਬ ਦੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਅਤੇ ਨਿਹਾਲ ਸਿੰਘ ਵਾਲਾ ਤੋਂ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਦਾ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਮੋਗਾ ਤੋਂ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਸੀ। ਪੰਜਾਬ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਦੀਆਂ ਦੇਸ਼ ਪਖੀ, ਕਿਸਾਨੀ ਪੱਖੀ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਨ-ਸਨਮਾਨ ਤੇ ਸਤਿਕਾਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਸਾਂਝੇ ਤੌਰ ’ਤੇ ਮੋਗਾ ਵਿੱਚ ਅਦਾਕਾਰ ਸੋਨੂ ਸੂਦ ਦੇ ਘਰ ਪਹੁੰਚ ਕੇ ਉਸ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ।
ਮੋਗਾ ਜ਼ਿਲ੍ਹੇ ਦੇ ਕੁੱਲ ਚਾਰਾਂ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ ਅਤੇ ਸਾਰੇ ਹਲਕਿਆਂ ਵਿੱਚ ਹੀ ਇਸ ਵਾਰ ਪੰਜ ਕੋਣਾ ਮੁਕਾਬਲਾ ਹੋਵੇਗਾ। ਇਸ ਤਰ੍ਹਾਂ ਮੋਗਾ ਸ਼ਹਿਰੀ ਤੋਂ ਮਾਲਵਿਕਾ ਸੂਦ ਸੱਚਰ ਦੀ ਹੁਣ ਅਕਾਲੀ ਦਲ ਦੇ ਬਰਜਿੰਦਰ ਸਿੰਘ ਮੱਖਣ ਬਰਾੜ, ‘ਆਪ’ ਦੀ ਡਾ. ਅਮਨਦੀਪ ਕੌਰ ਅਰੋੜਾ, ਸੰਯੁਕਤ ਸਮਾਜ ਮੋਰਚਾ ਵੱਲੋਂ ਨਵਦੀਪ ਸਿੰਘ ਸੰਘਾਂ ਤੇ ਭਾਜਪਾ ਦੇ ਸੰਭਾਵਿਤ ਉਮੀਦਵਾਰ ਕਾਂਗਰਸ ਨਾਲੋਂ ਤੋੜ ਵਿਛੋੜਾ ਕਰਨ ਵਾਲੇ ਵਿਧਾਇਕ ਡਾ. ਹਰਜੋਤ ਕਮਲ ਨਾਲ ਪੰਜ ਕੋਣੀ ਟੱਕਰ ਹੋਵੇਗੀ।
ਜ਼ਿਕਰਯੋਗ ਹੈ ਕਿ ਹਾਕਮ ਧਿਰ ਵੱਲੋਂ ਮੌਜੂਦਾ ਵਿਧਾਇਕ ਡਾ. ਹਰਜੋਤ ਕਮਲ ਦੀ ਟਿਕਟ ਕੱਟੇ ਜਾਣ ਦਾ ਮੁੱਖ ਕਾਰਨ ਕਰੀਬ 10 ਮਹੀਨੇ ਪਹਿਲਾਂ ਨਗਰ ਨਿਗਮ ਚੋਣਾਂ ’ਚ ਕਾਂਗਰਸ ਨੂੰ 50 ’ਚੋਂ ਸਿਰਫ਼ 20 ਸੀਟਾਂ ਮਿਲਣਾ ਅਤੇ ਵਿਧਾਇਕ ਦੀ ਪਤਨੀ ਡਾ. ਰਾਜਿੰਦਰ ਕੌਰ ਵੱਲੋਂ ਕੌਂਸਲਰ ਦੀ ਚੋਣ ਹਾਰਨਾ ਹੈ। ਉਸ ਵੇਲੇ 9 ਆਜ਼ਾਦ ਕੌਂਸਲਰਾਂ ਨੂੰ ਪਾਰਟੀ ’ਚ ਸ਼ਾਮਲ ਕਰਕੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਕਾਂਗਰਸ ਪਾਰਟੀ ਦੇ ਬਣਾ ਲਏ ਗਏ ਸਨ। ਪਰ ਸੂਬੇ ’ਚ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਇਥੇ ਸੱਤਾ ਪੱਖ ਵਾਲਾ ਮਿਆਰ ਕਾਇਮ ਨਹੀਂ ਹੋ ਸਕਿਆ। ਜਿਸ ਕਰਕੇ ਕਾਂਗਰਸੀ ਕਾਡਰ ਦੀ ਆਮ ਜਨਤਾ ਵਿੱਚ ਪੈਠ ਨਹੀਂ ਬਣ ਸਕੀ। ਪਾਰਟੀ ਵੱਲੋਂ ਕਰਵਾਏ ਗਏ ਸਰਵੇਖਣਾਂ ’ਚ ਵੀ ਡਾ. ਹਰਜੋਤ ਕਮਲ ਨੂੰ ਇੱਕ ਕਮਜ਼ੋਰ ਉਮੀਦਵਾਰ ਦੱਸਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਕੌਂਸਲ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ 15 ਸੀਟਾਂ ਜਿੱਤ ਕੇ ਆਪਣਾ ਦਬਦਬਾ ਬਣਾਏ ਜਾਣ ਨੂੰ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ ਸ਼ਹਿਰੀ ਚੋਣਾਂ ਵਿੱਚ ਦਰਜਨ ਤੋਂ ਵੱਧ ਅਕਾਲੀ-ਭਾਜਪਾ ਸਾਬਕਾ ਕੌਂਸਲਰਾਂ ਦੀ ਦਲਬਦਲੀ ਕਰਵਾ ਕੇ ਕਾਂਗਰਸ ਟਿਕਟਾਂ ’ਤੇ ਦਾਅ ਖੇਡਿਆ ਸੀ ਤੇ ਖੇਤੀ ਕਾਨੂੰਨਾਂ ਕਾਰਨ ਭਾਜਪਾ ਨੂੰ ਸਿਰਫ਼ 28 ਉਮੀਦਵਾਰ ਹੀ ਲੱਭੇ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਨੂੰ ਜਿੱਤ ਹਾਸਲ ਹੋਈ ਸੀ ਤੇ ਬਾਕੀ 27 ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਗੌਰਤਲਬ ਹੈ ਕਿ ਵਿਧਾਇਕ ਵੱਲੋਂ ਪਾਰਟੀ ’ਚ ਸ਼ਾਮਲ ਕੀਤੇ ਗਏ ਕਈ ਆਜ਼ਾਦ ਕੌਂਸਲਰ ਹੁਣ ਮਾਲਵਿਕਾ ਦੇ ਸਮਰਥਨ ਵਿੱਚ ਖੜ੍ਹ ਗਏ ਹਨ। ਇਸ ਦੌਰਾਨ ਡਾ. ਹਰਜੋਤ ਵੱਲੋਂ ਮਾਲਵਿਕਾ ਨੂੰ ਟਿਕਟ ਦੇਣ ਦੇ ਵਿਰੋਧ ’ਚ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਵਿੱਚ ਪਹਿਲੇ ਦਿਨ ਤਾਂ ਵੱਡੀ ਗਿਣਤੀ ਕੌਂਸਲਰ, ਪੰਚ, ਸਰਪੰਚ, ਬਲਾਕ ਸਮਿਤੀ ਮੈਂਬਰ ਪੁੱਜੇ ਪਰ ਉਸ ਤੋਂ ਬਾਅਦ ਕੁਨਬਾ ਖਿੱਲਰਨਾ ਸ਼ੁਰੂ ਹੋ ਗਿਆ ਤੇ ਹੁਣ ਵੱਡੀ ਗਿਣਤੀ ਕਾਂਗਰਸੀ ਆਗੂਆਂ ਦਾ ਝੁਕਾਅ ਮਾਲਵਿਕਾ ਸੂਦ ਸੱਚਰ ਵੱਲ ਹੋ ਗਿਆ ਹੈ।
ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਭਾਜਪਾ ’ਚ ਸ਼ਾਮਲ
ਇਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਗੁਰਪਾਲ ਸਿੰਘ ਗੋਲਡੀ (ਰਾਏਕੋਟ), ਮਾਰਕੀਟ ਕਮੇਟੀ ਪਟਿਆਲਾ ਦੇ ਮੈਂਬਰ ਕਮਲਜੀਤ ਸਿੰਘ, ਕੈਪਟਨ ਆਰਐੱਸ ਪਠਾਨੀਆਂ (ਮੁਹਾਲੀ), ਐਡਵੋਕੇਟ ਪਲਵਿੰਦਰ ਸਿੰਘ ਬਾਜਵਾ (ਗੁਰਦਾਸਪੁਰ), ਅੰਮ੍ਰਿਤਸਰ ਦਿਹਾਤੀ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਮਿਤਰ ਸਿੰਘ, ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਆਰ.ਕੇ. ਖੋਸਲਾ, ਸੂਬਾ ਪ੍ਰਧਾਨ ਕੰਵਲਜੀਤ ਸਿੰਘ ਗਿੱਲ, ਮੀਤ ਪ੍ਰਧਾਨ ਸੁਖਦੇਵ ਸਿੰਘ ਗਿੱਲ, ਮੀਡੀਆ ਇੰਚਾਰਜ ਸੀਤਲ ਸਿੱਧੂ, ਇੰਚਾਰਜ ਸੁਖਦੇਵ ਸਿੰਘ ਟਿੱਬਾ, ਜਨਰਲ ਸਕੱਤਰ ਧਰਮਜੀਤ ਨਾਨਕ, ਮੈਂਬਰ ਰਾਜ ਕੁਮਾਰ ਤੇ ਦੀਪਕ ਖੋਸਲਾ, ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਕੰਵਲਜੀਤ ਠਾਕੁਰ, ਕਿਸਾਨ ਸੈੱਲ ਗੁਰਦਾਸਪੁਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਸਮੇਤ 56 ਜਣੇ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਹਨ।