ਜਗਮੋਹਨ ਸਿੰਘ
ਰੂਪਨਗਰ/ਘਨੌਲੀ, 9 ਜੂਨ
ਖਣਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਾਜਾਇਜ਼ ਖਣਨ ਅਤੇ ਵਸੂਲੀ ਨੂੰ ਰੋਕਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਹਾਲਾਂਕਿ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਕੁਝ ਥਾਵਾਂ ’ਤੇ ਲੋਕਾਂ ਵੱਲੋਂ ਇਸ ਸਬੰਧੀ ਮੁਜ਼ਾਹਰੇ ਵੀ ਕੀਤੇ ਗਏ ਸਨ। ਬੀਤੀ ਸ਼ਾਮ ਇੱਥੇ ਕੋਟਬਾਲਾ ਆਸਪੁਰ ਡੀ-ਸਿਲਟਿੰਗ ਸਾਈਟ ’ਤੇ ਪਟਿਆਲਾ ਅਤੇ ਫਿਰੋਜ਼ਪੁਰ ਦੇ ਐੱਸਈ ਪੱਧਰ ਦੇ ਦੋ ਖਣਨ ਅਧਿਕਾਰੀਆਂ ਦੀ ਟੀਮ ਵੱਲੋਂ ਅਚਾਨਕ ਛਾਪਾ ਮਾਰ ਕੇ ਡੀ-ਸਿਲਟਿੰਗ ਦੇ ਕੰਮ ਦੀ ਜਾਂਚ ਕੀਤੀ ਗਈ। ਟੀਮ ਨੇ ਜਿੱਥੇ ਸਾਈਟ ਤੋਂ ਕੱਚਾ ਮਾਲ ਪ੍ਰਾਪਤ ਕਰ ਰਹੇ ਟਿੱਪਰ ਚਾਲਕਾਂ ਕੋਲੋਂ ਠੇਕੇਦਾਰ ਵੱਲੋਂ ਵਸੂਲੀ ਜਾ ਰਹੀ ਰਕਮ ਸਬੰਧੀ ਪੁੱਛ-ਪੜਤਾਲ ਕੀਤੀ ਗਈ, ਉੱਥੇ ਹੀ ਕੁਝ ਟਿੱਪਰਾਂ ਨੂੰ ਸਰਸਾ ਨੰਗਲ ਵਿੱਚ ਲੱਗੇ ਕੰਡੇ ਲਿਜਾ ਕੇ ਉਨ੍ਹਾਂ ਦਾ ਭਾਰ ਵੀ ਚੈੱਕ ਕੀਤਾ ਗਿਆ। ਉਨ੍ਹਾਂ ਵੱਲੋਂ ਕਰੱਸ਼ਰ ਮਾਲਕਾਂ ਦੇ ਬਿਆਨ ਵੀ ਕਲਮਬੱਧ ਕੀਤੇ ਗਏ। ਸੂਤਰਾਂ ਅਨੁਸਾਰ ਖਣਨ ਮੰਤਰੀ ਵੱਲੋਂ ਇਹ ਜਾਂਚ ਇਹ ਪਤਾ ਲਗਾਉਣ ਲਈ ਕਰਵਾਈ ਜਾ ਰਹੀ ਹੈ ਕਿ ਕਿਤੇ ਖਣਨ ਠੇਕੇਦਾਰ ਸਰਕਾਰ ਵੱਲੋਂ ਨਿਰਧਾਰਤ ਰੇਟਾਂ ਤੋਂ ਵੱਧ ਵਸੂਲੀ ਤਾਂ ਨਹੀਂ ਕਰ ਰਹੇ। ਮੰਤਰੀ ਵੱਲੋਂ ਜਾਂਚ ਦੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹੇ ਦੇ ਅਧਿਕਾਰੀਆਂ ਦੀ ਥਾਂ ਦੂਜੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਤੋਂ ਇਸ ਲਈ ਕਰਵਾਈ ਜਾ ਰਹੀ ਹੈ ਤਾਂ ਕਿ ਠੇਕੇਦਾਰਾਂ ਅਤੇ ਸਥਾਨਕ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਦੀ ਕੋਈ ਗੁੰਜਾਇਸ਼ ਨਾ ਰਹੇ। ਜਾਂਚ ਕਰਨ ਆਏ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਉਪਰੰਤ ਉਹ ਆਪਣੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਣਗੇ।
ਨਾਜਾਇਜ਼ ਮਾਈਨਿੰਗ ਸਬੰਧੀ ਚੰਨੀ ਦਾ ਨਜ਼ਦੀਕੀ ਗ੍ਰਿਫ਼ਤਾਰ
ਚਮਕੌਰ ਸਾਹਿਬ (ਸੰਜੀਵ ਬੱਬੀ): ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਕਾਂਗਰਸੀ ਆਗੂ ਇਕਬਾਲ ਸਿੰਘ ਸਾਲਾਪੁਰ ਨੂੰ ਇੱਥੋਂ ਦੀ ਪੁਲੀਸ ਨੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਵਣ ਰੇਂਜ ਅਫਸਰ ਚਮਕੌਰ ਸਾਹਿਬ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਰਖਾਸਤ ਦਿੱਤੀ ਸੀ ਕਿ ਪਿੰਡ ਸਾਲਾਪੁਰ ਦਾ ਇਕਬਾਲ ਸਿੰਘ ਪਿੰਡ ਜਿੰਦਾਪੁਰ ਸਤਲੁਜ ਦਰਿਆ ਵਿੱਚ ਹੱਦ ਬਸਤ ਨੰਬਰ 108 ਅਧੀਨ ਪੈਂਦੇ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਨਾਜਾਇਜ਼ ਮਾਈਨਿੰਗ ਕਰਕੇ ਟਿੱਪਰਾਂ ਰਾਹੀਂ ਰੇਤੇ ਦੀ ਨਿਕਾਸੀ ਦਾ ਨਾਜਾਇਜ਼ ਕੰਮ ਕਰ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਵਣ ਰੇਂਜ ਅਫਸਰ ਅਤੇ ਵਣ ਮੰਡਲ ਅਫਸਰ ਰੂਪਨਗਰ ਦੇ ਦਫ਼ਤਰ ਦੇ ਪੱਤਰ ਨੰਬਰ 10199 ਮਿਤੀ 21 ਜਨਵਰੀ 2022 ਤੇ ਪੜਤਾਲ ਕਰਨ ਉਪਰੰਤ ਇਕਬਾਲ ਸਿੰਘ ਵਾਸੀ ਸਾਲਾਪੁਰ ਸਮੇਤ ਕੁਝ ਹੋਰ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਾਈਨਿੰਗ ਸਬੰਧੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਚੰਨੀ ਸਰਕਾਰ ਦੇ ਹੁੰਦਿਆਂ ਪ੍ਰੈੱਸ ਕਾਨਫਰੰਸ ਦੌਰਾਨ ਵੀਡੀਓ ਜਾਰੀ ਕੀਤੀ ਸੀ। ਉਸ ਵੀਡੀਓ ਵਿੱਚ ਮੁਲਜ਼ਮ ਇਕਬਾਲ ਸਿੰਘ ਸਭ ਕੁਝ ਦੱਸ ਰਿਹਾ ਹੈ ਕਿ ਉਹ ਕਿਸ ਦੇ ਇਸ਼ਾਰੇ ’ਤੇ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ ਅਤੇ ਵਣ ਰੇਂਜ ਅਫਸਰ ਨੂੰ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਸਬੰਧੀ ਆਪਣੀ ਬਦਲੀ ਦਾ ਖਮਿਆਜ਼ਾ ਵੀ ਭੁਗਤਣਾ ਪਿਆ ਸੀ। ਦੂਜੇ ਪਾਸੇ ਇਸੇ ਨਾਜਾਇਜ਼ ਮਾਈਨਿੰਗ ਸਬੰਧੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਭੁਪਿੰਦਰ ਸਿੰਘ ਹਨੀ ਜੇਲ੍ਹ ਵਿੱਚ ਬੰਦ ਹੈ।