ਚਰਨਜੀਤ ਭੁੱਲਰ
ਚੰਡੀਗੜ੍ਹ, 30 ਅਗਸਤ
ਕਾਂਗਰਸ ਹਾਈ ਕਮਾਨ ਵੱਲੋਂ ਝਾੜ ਝੰਬ ਕੀਤੇ ਜਾਣ ਮਗਰੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਬਾਰੇ ਕੀਤੇ ਐਲਾਨ ਦੇ ਮਾਮਲੇ ’ਚ ਯੂ-ਟਰਨ ਲੈ ਲਿਆ ਹੈ ਤੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਾਰੇ ਮੁੱਖ ਆਗੂਆਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਹਰੀਸ਼ ਰਾਵਤ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਅਗਲੀਆਂ ਪੰਜਾਬ ਚੋਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਜਿਸ ਤੋਂ ਨਵਜੋਤ ਸਿੱਧੂ ਦੇ ਖੇਮੇ ’ਚ ਨਰਾਜ਼ਗੀ ਸੀ। ਉਸ ਮਗਰੋਂ ਹੀ ਨਵਜੋਤ ਸਿੱਧੂ ਨੇ ਹਾਈ ਕਮਾਨ ਨੂੰ ਤਲਖ਼ ਤੇਵਰ ਦਿਖਾਏ ਸਨ। ਵਿਧਾਇਕ ਪਰਗਟ ਸਿੰਘ ਨੇ ਸਿੱਧੇ ਤੌਰ ’ਤੇ ਹਰੀਸ਼ ਰਾਵਤ ਨੂੰ ਨਿਸ਼ਾਨੇ ’ਤੇ ਲਿਆ ਸੀ। ਹਰੀਸ਼ ਰਾਵਤ ਦਾ ਚੰਡੀਗੜ੍ਹ ਦੌਰਾ ਹੁਣ ਅੱਗੇ ਪੈ ਗਿਆ ਹੈ। ਹਰੀਸ਼ ਰਾਵਤ ਨੇ ਪਹਿਲਾਂ ਮੰਗਲਵਾਰ ਨੂੰ ਚੰਡੀਗੜ੍ਹ ਆਉਣਾ ਸੀ ਪਰ ਉੱਤਰਾਖੰਡ ਵਿਚ ਰੁਝੇਵੇਂ ਆਉਣ ਕਰਕੇ ਹੁਣ ਉਹ ਅਗਲੇ ਦਿਨਾਂ ’ਚ ਇੱਥੇ ਆਉਣਗੇ ਜਿਸ ਬਾਰੇ ਤਾਰੀਕ ਅਜੇ ਤੈਅ ਨਹੀਂ ਹੈ। ਚੋਣਾਂ ’ਚ ਅਗਵਾਈ ਕੌਣ ਕਰੇਗਾ ਇਹ ਫ਼ੈਸਲਾ ਲੈਣ ਦਾ ਅਧਿਕਾਰ ਸੋਨੀਆ ਗਾਂਧੀ ਕੋਲ ਹੈ ਪਰ ਹਰੀਸ਼ ਰਾਵਤ ਨੇ ਪਹਿਲਾਂ ਹੀ ਕੈਪਟਨ ਦੀ ਅਗਵਾਈ ਹੇਠ ਚੋਣਾਂ ਲੜੇ ਜਾਣ ਦੀ ਗੱਲ ਆਖ ਦਿੱਤੀ ਜਿਸ ਤੋਂ ਹਾਈ ਕਮਾਨ ਨਾਰਾਜ਼ ਦੱਸੀ ਜਾ ਰਹੀ ਹੈ। ਸੂਤਰਾਂ ਅਨੁਸਾਰ ਹੁਣ ਜਦੋਂ ਹਰੀਸ਼ ਰਾਵਤ ਦਿੱਲੀ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਹਾਈ ਕਮਾਨ ਨੇ ਸਪੱਸ਼ਟ ਲਫਜ਼ਾਂ ਵਿਚ ਅਜਿਹੇ ਐਲਾਨ ਕਰਨ ਤੋਂ ਵਰਜਿਆ ਸੀ ਕਿਉਂਕਿ ਇਸ ਐਲਾਨ ਨਾਲ ਪੰਜਾਬ ਕਾਂਗਰਸ ਵਿੱਚ ਨਵਾਂ ਤੂਫਾਨ ਖੜ੍ਹਾ ਹੋ ਗਿਆ ਸੀ। ਇਹੋ ਵਜ੍ਹਾ ਹੈ ਕਿ ਹੁਣ ਰਾਵਤ ਨੇ ਮੋੜਾ ਕੱਟਿਆ ਹੈ।
‘ਪੰਜਾਬ ’ਚ ਸਾਰੇ ਮੁੱਖ ਆਗੂਆਂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਚੋਣਾਂ’
ਉੱਤਰਾਖੰਡ ਵਿਚ ਅੱਜ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਕੌਮੀ ਪੱਧਰ ’ਤੇ ਉਨ੍ਹਾਂ ਦੇ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਅਗਵਾਈ ਕਰਨ ਵਾਲੇ ਹਨ ਜਦਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਅਤੇ ਪਰਗਟ ਸਿੰਘ ਵਰਗੇ ਨੇਤਾ ਹਨ। ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ’ਚ ਇਨ੍ਹਾਂ ਸਾਰਿਆਂ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਣਗੀਆਂ। ਪੰਜਾਬ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਬਦਲੇ ਜਾਣ ਦੀ ਮੰਗ ਉੱਠਣ ਮਗਰੋਂ ਹਾਈ ਕਮਾਨ ਦੇ ਫਿਕਰ ਵਧੇ ਹਨ ਅਤੇ ਹੁਣ ਹਾਈ ਕਮਾਨ ਨੇ ਹਰੀਸ਼ ਰਾਵਤ ਨੂੰ ਮੁੜ ਹਦਾਇਤ ਕੀਤੀ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ’ਚ ਤਾਲਮੇਲ ਬਣਾਉਣ ਅਤੇ ਉਨ੍ਹਾਂ ਦੇ ਸ਼ਿਕਵੇ ਦੂਰ ਕਰਨ।