ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 9 ਜੁਲਾਈ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਦੌਰੇ ਦੇ ਦੂਜੇ ਦਿਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਤੋਂ ਲੋਕ ਭਲਾਈ ਸਬੰਧੀ ਚੱਲ ਰਹੀਆਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਉਹ ਏਮਸ ਹਸਪਤਾਲ ਪਹੁੰਚੇ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਦੇ ਪ੍ਰਬੰਧਕਾਂ ਨਾਲ ਬੈਠਕ ਕੀਤੀ ਤੇ ਓਪੀਡੀ ਅਤੇ ਐਮਰਜੈਂਸੀ ਵਾਰਡਾਂ ਦਾ ਨਿਰੀਖ਼ਣ ਕਰਨ ਮਗਰੋਂ ਮਰੀਜ਼ਾਂ ਨੂੰ ਮਿਲ ਕੇ ਉਨ੍ਹਾਂ ਦਾ ਹਾਲ ਜਾਣਿਆ। ਉਨ੍ਹਾਂ ਬਠਿੰਡਾ-ਬਰਨਾਲਾ ਬਾਈਪਾਸ ’ਤੇ ਫਲਾਈਓਵਰ ਦੀ ਉਸਾਰੀ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਬਠਿੰਡਾ ਹਵਾਈ ਅੱਡੇ ਤੋਂ ਬੰਦ ਕੀਤੀਆਂ ਉਡਾਣਾਂ ਨੂੰ ਮੁੜ ਸ਼ੁਰੂ ਕਰਾਉਣ ਲਈ ਸਬੰਧਤ ਕੇਂਦਰੀ ਮੰਤਰੀਆਂ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਵੀ ਭਰੋਸਾ ਦਿੱਤਾ।
ਇਸ ਦੌਰਾਨ ਅੱਜ ਪ੍ਰਸਤਾਵਿਤ ਪ੍ਰੈੱਸ ਕਾਨਫਰੰਸ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਦੇਹਾਂਤ ਕਾਰਨ ਕੌਮੀ ਸ਼ੋਕ ਤਹਿਤ ਰੱਦ ਕਰ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕ ਭਲਾਈ ਤਹਿਤ ਮੁਹੱਈਆ ਕਰਵਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਲਈ ਤੇ ਇਨ੍ਹਾਂ ਯੋਜਨਾਵਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਦੇਣ ਦੀ ਹਦਾਹਿਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਨਾਲ ਰਹੇ।
ਕੇਂਦਰੀ ਮੰਤਰੀ ਮੇਘਵਾਲ ਵੱਲੋਂ ਅੰਮ੍ਰਿਤਸਰ ’ਚ ਭਾਜਪਾ ਵਰਕਰਾਂ ਨਾਲ ਮੀਟਿੰਗ
ਅੰਮ੍ਰਿਤਸਰ (ਟਨਸ): ਸੰਸਦੀ ਚੋਣ ਦੀਆਂ ਤਿਆਰੀਆਂ ਅਤੇ ਪਿਛਲੀਆਂ ਚੋਣਾਂ ਵਿੱਚ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਲਈ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਅੱਜ ਇੱਥੇ ਪੁੱਜੇ ਜਿਨ੍ਹਾਂ ਅੰਮ੍ਰਿਤਸਰ ਸੰਸਦੀ ਹਲਕੇ ਹੇਠ ਆਉਂਦੇ ਨੌਂ ਵਿਧਾਨ ਸਭਾ ਹਲਕਿਆਂ ਦੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਨਮਨ ਕੀਤਾ। ਖੰਨਾ ਸਮਾਰਕ ਵਿਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2014 ਅਤੇ 2019 ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਹਾਰ ਦੀ ਸਮੀਖਿਆ ਦੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਨੇ 2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਤਹਿਤ ਦੇਸ਼ ਭਰ ਵਿੱਚ 144 ਲੋਕ ਸਭਾ ਹਲਕਿਆਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਹੈ। ਕੇਂਦਰੀ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਵਰਕਰਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦੇ ਸੁਝਾਅ ਲਏ ਹਨ। ਉਹ ਇਸ ਸਬੰਧੀ ਰਿਪੋਰਟ ਬਣਾ ਕੇ ਭਾਜਪਾ ਹਾਈ ਕਮਾਂਡ ਨੂੰ ਸੌਂਪਣਗੇ। ਸੂਬੇ ਵਿਚ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਨ ਲਈ ਭਾਜਪਾ ਹਾਈ ਕਮਾਂਡ ਵੱਲੋਂ ਯੋਜਨਾ ਬਣਾਈ ਜਾਵੇਗੀ।