ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 12 ਅਪਰੈਲ
ਹਲਕੇ ਤੋਂ ਦੋ ਵਾਰ ਵਿਧਾਇਕ ਰਹਿਣ ਦੇ ਨਾਲ-ਨਾਲ ਇਕ ਵਾਰ ਰਾਜ ਮੰਤਰੀ ਰਹੇ ਅਤੇ ਮੌਜੂਦਾ ਸਮੇਂ ਅੰਦਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇ ਅਹੁਦੇ ’ਤੇ ਬਿਰਾਜਮਾਨ ਬੰਦੀ ਵਾਲਾ ਨਾਲ ਸਬੰਧਤ ਪੁਰਾਣੇ ਕਾਂਗਰਸੀ ਆਗੂ ਹੰਸ ਰਾਜ ਜੋਸਨ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਜਾ ਰਹੇ ਹਨ। ਇਸ ਸਬੰਧੀ ਪੁਸ਼ਟੀ ਹੰਸ ਰਾਜ ਜੋਸਨ ਨੇ ਫੋਨ ’ਤੇ ਗੱਲਬਾਤ ਕਰਦਿਆਂ ਕੀਤੀ ਹੈ। ਉਨ੍ਹਾਂ ਨੂੰ ਪਾਰਟੀ ਛੱਡਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਫੀ ਲੰਬਾ ਸਮਾਂ ਉਨ੍ਹਾਂ ਕਾਂਗਰਸ ਲਈ ਕੰਮ ਕੀਤਾ ਹੈ ਪਰ ਹੁਣ ਉਨ੍ਹਾਂ ਨੂੰ ਪਾਰਟੀ ’ਚ ਘੁਟਣ ਮਹਿਸੂਸ ਹੋ ਰਹੀ ਹੈ। ਜੋ ਮਾਣ-ਸਨਮਾਨ ਇਕ ਪੁਰਾਣੇ ਆਗੂ ਲਈ ਹੋਣਾ ਚਾਹੀਦਾ ਹੈ, ਉਹ ਕਾਂਗਰਸ ’ਚ ਬਹਾਲ ਨਹੀਂ ਰਿਹਾ। ਇਸ ਲਈ ਉਨ੍ਹਾਂ ਨੇ ਕਾਂਗਰਸ ਛੱਡਣ ਦਾ ਫ਼ੈਸਲਾ ਕੀਤਾ ਹੈ।