ਜਤਿੰਦਰ ਬੈਂਸ
ਗੁਰਦਾਸਪੁਰ, 3 ਦਸੰਬਰ
ਇੱਥੇ ਪੁਲੀਸ ਨੇ ਨਾਕਾਬੰਦੀ ਦੌਰਾਨ ਚਾਰ ਹੈਂਡ ਗ੍ਰਨੇਡ ਤੇ ਇੱਕ ਟਿਫਿਨ ਬੰਬ ਬਰਾਮਦ ਕੀਤਾ ਹੈ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਵੇਰਵਿਆਂ ਮੁਤਾਬਕ ਪੁਲੀਸ ਵੱਲੋਂ ਕਲਾਨੌਰ ਰੋਡ ਉਤੇ ਪਿੰਡ ਸਲੇਮਪੁਰ ਅਰਾਈਆਂ ਦੇ ਟੀ-ਪੁਆਇੰਟ ਕੋਲ ਵੀਰਵਾਰ ਦੇਰ ਰਾਤ ਨਾਕਾਬੰਦੀ ਕਰਕੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਇਸੇ ਦੌਰਾਨ ਜਦ ਪੁਲੀਸ ਨੇ ਪਿੰਡ ਸਲੇਮਪੁਰ ਅਰਾਈਆਂ ਦੀ ਸੜਕ ਦੇ ਕੰਢਿਆਂ ਵੱਲ ਸਰਚ ਲਾਈਟ ਮਾਰੀ ਤਾਂ ਕੱਚੀ ਜਗ੍ਹਾ ਉੱਤੇ ਇੱਕ ਘਾਹ ਨਾਲ ਢਕੀ ਪੀਲੇ ਰੰਗ ਦੀ ਪਲਾਸਟਿਕ ਦੀ ਬੋਰੀ ਪਈ ਦੇਖੀ। ਸ਼ੱਕ ਪੈਣ ਉੱਤੇ ਜਦੋਂ ਪੁਲੀਸ ਨੇ ਬੋਰੀ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਚਾਰ ਹੈਂਡ ਗ੍ਰਨੇਡ ਤੇ ਇੱਕ ਟਿਫਿਨ ਬਾਕਸ ਨੁਮਾ ਬੰਬ ਵੀ ਬਰਾਮਦ ਹੋਇਆ। ਟਿਫਿਨ ਬਾਕਸ ਨੂੰ ਜਾਂਚ ਲਈ ਲੈਬ ਭੇਜਿਆ ਜਾ ਰਿਹਾ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਗੁਰਦਾਸਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਇਲਾਕੇ ਵਿਚ ਮਿਲੀ ਵਿਸਫੋਟਕ ਸਮੱਗਰੀ ਦੇ ਤਾਰ ਬੀਤੇ ਦਿਨੀਂ ਥਾਣਾ ਦੀਨਾਨਗਰ ਅਤੇ ਭੈਣੀ ਮੀਆਂ ਖਾਂ ਦੇ ਇਲਾਕੇ ਵਿੱਚ ਵਿਸਫੋਟਕ ਸਮੱਗਰੀ ਮਿਲਣ ਦੀ ਘਟਨਾ ਨਾਲ ਜੋੜ ਕੇ ਵੇਖ ਰਹੀ ਹੈ।