ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਅਗਸਤ
ਸ਼ਹਿਰੀ ਅਤੇ ਪੇਂਡੂ ਯੋਜਨਾਬੰਦੀ ਬਾਰੇ ਵਿਭਾਗ ਦੇ ਗਲਾਡਾ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਵਾਰ ਠੰਢੇ ਛਿੱਟੇ ਮਾਰਨ ਦੇ ਬਾਵਜੂਦ ਪਿੰਡ ਐਤੀਆਣਾ ਦੇ ਕਿਸਾਨ ਤਪੇ ਬੈਠੇ ਹਨ। ਕੌਮਾਂਤਰੀ ਹਵਾਈ ਅੱਡੇ ਲਈ ਭੂਮੀ ਗ੍ਰਹਿਣ ਕਰਨ ਦੇ ਸੱਤ ਮਹੀਨੇ ਬਾਅਦ ਵੀ ਹਾਲੇ ਤਿੰਨ ਦਰਜਨ ਤੋਂ ਜ਼ਿਆਦਾ ਕਿਸਾਨ ਆਪਣੀ ਖੁੱਸ ਚੁੱਕੀ ਜ਼ਮੀਨ ਦੇ ਮੁਆਵਜ਼ੇ ਲਈ ਦਰ-ਦਰ ਧੱਕੇ ਖਾਣ ਲਈ ਮਜਬੂਰ ਹਨ। ਸਰਪੰਚ ਲਖਬੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਇੰਦਰਜੀਤ ਸਿੰਘ ਸਿੱਧੂ, ਰਛਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਸਿੱਧੂ ਨੇ ਅੱਜ ਮੀਟਿੰਗ ਮਗਰੋਂ ਐਲਾਨ ਕੀਤਾ ਕਿ ਮੁਆਵਜ਼ੇ ਦੀ ਰਕਮ ਸਮੁੱਚੇ ਕਿਸਾਨਾਂ ਨੂੰ ਦਿੱਤੇ ਬਿਨਾਂ ਜ਼ਮੀਨ ’ਤੇ ਕੋਈ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਰੋਬਾਰੀ ਸੋਹਣ ਸਿੰਘ, ਵਕੀਲ ਸਿੰਘ ਅਤੇ ਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਜ਼ਮੀਨ ਦਾ ਮੁਆਵਜ਼ਾ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਰੋਕਿਆ ਗਿਆ ਹੈ। ਇਸੇ ਤਰ੍ਹਾਂ ਜੰਗ ਸਿੰਘ ਭੰਗੂ ਦੇ ਪਰਿਵਾਰ ਨਾਲ ਸਬੰਧਿਤ 9 ਪਰਿਵਾਰਾਂ ਨੂੰ ਵੀ ਮੁਆਵਜ਼ਾ ਰਕਮ ਅਦਾ ਨਹੀਂ ਕੀਤੀ ਗਈ। ਮੁੜ ਵਸੇਬੇ ਦੇ 216 ਵਿਚੋਂ 35 ਚੈੱਕ ਹੀ 26 ਅਗਸਤ ਨੂੰ ਦਿੱਤੇ ਗਏ ਹਨ, ਗਲਾਡਾ ਅਧਿਕਾਰੀ ਬਾਕੀ ਚੈੱਕ ਦੇਣ ਦਾ ਨਾਂ ਨਹੀਂ ਲੈ ਰਹੇ। ਸਰਪੰਚ ਲਖਬੀਰ ਸਿੰਘ ਨੇ ਕਿਹਾ ਕਿ 8 ਜੂਨ ਨੂੰ ਸਾਰੇ ਚੈੱਕ ਦੇਣ ਬਾਰੇ ਸਹਿਮਤੀ ਬਣ ਗਈ ਸੀ, ਇਸ ਦੇ ਬਾਵਜੂਦ ਅਧਿਕਾਰੀ ਜਾਣਬੁੱਝ ਕੇ ਖੱਜਲ ਖ਼ੁਆਰ ਕਰ ਰਹੇ ਹਨ। ਪਿਛਲੇ ਮਹੀਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਐਲਾਨ ਕੀਤਾ ਸੀ ਕਿ ਜਲਦ ਹੀ ਹਵਾਈ ਅੱਡੇ ਦੀ ਬਾਹਰੀ ਚਾਰਦੀਵਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ।
ਉੱਧਰ, ਹਲਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਕਿਹਾ ਕਿ ਮੁਆਵਜ਼ੇ ਦੀ ਮੁਕੰਮਲ ਅਦਾਇਗੀ ਬਿਨਾਂ ਕਿਸੇ ਨੂੰ ਜ਼ਮੀਨ ’ਚ ਪੈਰ ਨਹੀਂ ਪਾਉਣ ਦਿੱਤਾ ਜਾਵੇਗਾ। ਹਲਕਾ ਫ਼ਤਿਹਗੜ੍ਹ ਤੋਂ ਕਾਂਗਰਸੀ ਸੰਸਦ ਮੈਂਬਰ ਵੱਲੋਂ ਵੀ ਕਈ ਵਾਰ ਅਧਿਕਾਰੀਆਂ ਨਾਲ ਗੱਲਬਾਤ ਬਾਅਦ ਕਿਸਾਨਾਂ ਨੂੰ ਭਰੋਸੇ ਦਿੱਤੇ ਗਏ ਹਨ ਪਰ ਹਾਲੇ ਤੱਕ ਵਾਅਦੇ ਵਫ਼ਾ ਨਹੀਂ ਹੋਏ।