ਜਗਮੋਹਨ ਸਿੰਘ
ਰੂਪਨਗਰ, 26 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਜ਼ਿਲ੍ਹਾ ਰੂਪਨਗਰ ਦੇ ਵਿਧਾਨ ਸਭਾ ਹਲਕਾ ਰੂਪਨਗਰ ਅਧੀਨ ਪੈਂਦੀਆਂ 232 ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਨਾ ਮਿਲਣ ਦੇ ਰੋਸ ਵਜੋਂ ਸਰਪੰਚਾਂ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਪਹਿਲੇ ਦਿਨ ਸਰਪੰਚ ਯੂਨੀਅਨ ਬਲਾਕ ਰੂਪਨਗਰ ਦੇ ਪ੍ਰਧਾਨ ਚਰਨਜੀਤ ਸਿੰਘ ਮਿਆਣੀ ਸਣੇ ਐਡਵੋਕੇਟ ਕਮਲ ਸਿੰਘ ਕਟਲੀ ਤੇ ਮਨਮੋਹਨ ਸਿੰਘ ਆਲਮਪੁਰ ਤਿੰਨ ਸਰਪੰਚ ਭੁੱਖ ਹੜਤਾਲ ’ਤੇ ਬੈਠੇ। ਯੂਨੀਅਨ ਦੇ ਸੀਨੀਅਰ ਆਗੂ ਕੈਪਟਨ ਸੁਲਤਾਨ ਸਿੰਘ ਨੇ ਭੁੱਖ ਹੜਤਾਲ ’ਤੇ ਬੈਠਣ ਵਾਲੇ ਸਰਪੰਚਾਂ ਨੂੰ ਸਿਰੋਪੇ ਪਾ ਕੇ ਹੜਤਾਲ ਦੀ ਸ਼ੁਰੂਆਤ ਕਰਵਾਈ। ਸਰਪੰਚਾਂ ਨੇ ਦੱਸਿਆ ਕਿ ਰੂਪਨਗਰ ਵਿਧਾਨ ਸਭਾ ਹਲਕੇ ਦੇ ਬਲਾਕ ਨੂਰਪੁਰ ਬੇਦੀ ਅਧੀਨ 144 ਅਤੇ ਬਲਾਕ ਰੂਪਨਗਰ ਅਧੀਨ 88 ਪਿੰਡ ਪੈਂਦੇ ਹਨ, ਇਨ੍ਹਾਂ ਦੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਦੁਆਰਾ ਕੋਈ ਗ੍ਰਾਂਟ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਦਾ ਵਿਧਾਨ ਸਭਾ ਸਪੀਕਰ ਅਤੇ ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਗ੍ਰਾਂਟਾਂ ਨਹੀਂ ਦਿੱਤੀਆਂ ਜਾ ਰਹੀਆਂ। ਸਰਪੰਚ ਯੂਨੀਅਨ ਵੱਲੋਂ ਮੁੱਖ ਮੰਤਰੀ ਸਾਹਿਬ ਤੇ ਸਪੀਕਰ ਨੂੰ ਮੰਗ ਪੱਤਰ ਦਿੱਤੇ ਗਏ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ ਜਿਸ ਕਰ ਕੇ ਉਨ੍ਹਾਂ ਨੂੰ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸਰਪੰਚਾਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਭੁੱਖ ਹੜਤਾਲ ਦੇ ਐਕਸ਼ਨ ਤੋਂ ਬਾਅਦ ਵੀ ਸੁਣਵਾਈ ਨਾ ਹੋਈ ਤਾਂ ਉਹ ਹੋਰ ਸਖ਼ਤ ਕਦਮ ਚੁੱਕਣਗੇ।
ਇਸ ਮੌਕੇ ਤੇ ਸਵਰਨ ਸਿੰਘ ਡੰਗੌਲੀ, ਗੁਰਦੀਪ ਸਿੰਘ ਦਬੁਰਜੀ, ਸਰਬਜੀਤ ਕੌਰ ਫਤਿਹਪੁਰ, ਸੰਦੀਪ ਕੌਰ ਰਾਮਪੁਰ ਮਾਜਰੀ, ਜਸਵੀਰ ਸਿੰਘ ਪਪਰਾਲਾ ਆਦਿ ਸਰਪੰਚ ਹਾਜ਼ਰ ਸਨ।