ਲਖਵਿੰਦਰ ਸਿੰਘ
ਮਲੋਟ, 23 ਮਈ
ਇਥੋਂ ਨੇੜਲੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਪੀਣ ਵਾਲਾ ਪਾਣੀ ਨਾ ਮਿਲਣ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਤਾਮਕੋਟ ਦੇ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸਣੇ ਆਲੇ-ਦੁਆਲੇ ਦੇ ਪਿੰਡਾਂ ਭੁਲੇਰੀਆਂ, ਖਾਨੇ ਕੀ ਢਾਬ, ਲੱਕੜਵਾਲਾ, ਤਰਖਾਣਵਾਲਾ, ਨਾਨੂਵਾਲ ਤੇ ਲਖਮੀਰੇਆਣਾ ਆਦਿ ਵਿੱਚ ਜ਼ਮੀਨ ਹੇਠਲੇ ਪਾਣੀ ਦੀ ਹਾਲਤ ਬਹੁਤ ਖ਼ਰਾਬ ਹੈ। ਇਸ ਪਾਣੀ ਦੀ ਵਰਤੋਂ ਨਾਲ ਪਿੰਡੇ ’ਤੇ ਖਾਰਸ਼ ਤੇ ਚਮੜੀ ਰੋਗ, ਵਾਲ ਝੜਨ ਤੇ ਚਿੱਟੇ ਹੋਣ, ਦੰਦਾਂ ’ਚ ਪਿਲੱਤਣ ਤੋਂ ਇਲਾਵਾ ਕਾਲੇ ਪੀਲੀਏ ਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ।
ਗੁਰਬਾਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਾਟਰ ਵਰਕਸ ਵਾਲੀ ਪਾਈਪ ਲਾਈਨ ਸੂਏ ’ਚੋਂ ਪਾਈ ਗਈ ਹੈ, ਜੋ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਜਦੋਂ ਨਹਿਰਾਂ ’ਚੋਂ ਸੂਏ ਦੇ ਪਾਣੀ ਦੀ ਸਪਲਾਈ ਰੋਕ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਚਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵੱਡੀਆਂ ਨਹਿਰਾਂ ਜਾਂ ਸੂਏ ਤੋਂ ਪਾਣੀ ਲਿਆਉਣਾ ਪੈਂਦਾ ਹੈ ਅਤੇ ਜੇਕਰ ਮੁੱਲ ਲੈਣਾ ਹੋਵੇ ਤਾਂ ਇੱਕ ਟੈਂਕਰ ਹਜ਼ਾਰ ਰੁਪਏ ਵਿੱਚ ਪੈਂਦਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜਾਂ ਤਾਂ ਪਿੰਡ ਤੇ ਢਾਣੀਆਂ ਨੂੰ ਨਹਿਰ ਤੋਂ ਸਿੱਧੀ ਪਾਈਪਲਾਈਨ ਪਾਈ ਜਾਵੇ ਜਾਂ ਨਹਿਰਾਂ ਕੰਡੇ ਬੋਰਾਂ ਤੇ ਨਲਕਿਆਂ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧ ਵਿੱਚ ਹਲਕੇ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਉਕਤ ਪਿੰਡਾਂ ਵਿੱਚ ਪੀਣ ਯੋਗ ਪਾਣੀ ਦੀ ਸਮੱਸਿਆ ਛੇਤੀ ਹੀ ਹੱਲ ਕਰ ਦਿੱਤੀ ਜਾਵੇਗੀ।