ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 8 ਫਰਵਰੀ
ਅੱਜ ਸਵੇਰੇ ਸੰਘਣੀ ਧੁੰਦ ਕਾਰਨ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਚੰਨੋਂ ਵਿੱਚ ਪੀਆਰਟੀਸੀ ਦੀ ਬੱਸ ਅੱਗੇ ਜਾ ਰਹੇ ਇੱਕ ਵੱਡੇ ਟੈਂਕਰ ਨਾਲ ਟਕਰਾ ਗਈ। ਇਸ ਦੌਰਾਨ ਬੱਸ ਦੇ ਪਿੱਛੇ ਆ ਰਹੀਆਂ ਦੋ ਕਾਰਾਂ ਤੇ ਤੇਲ ਵਾਲਾ ਟੈਂਕਰ ਵੀ ਇਕ-ਦੂਜੇ ਵਿੱਚ ਵੱਜ ਗਏ। ਹਾਦਸੇ ਵਿੱਚ ਬੱਸ ਦੇ ਚਾਲਕ ਤੇ ਕੰਡਕਟਰ ਸਣੇ ਕਰੀਬ ਇੱਕ ਦਰਜਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਈਵੇਅ ਪੈਟਰੋਲਿੰਗ ਪੁਲੀਸ ’ਚ ਤਾਇਨਾਤ ਹੌਲਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਮਲੋਟ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਬੱਸ ਪਿੰਡ ਚੰਨੋਂ ਦੇ ਕੱਟ ਤੋਂ ਯੂ-ਟਰਨ ਲੈ ਕੇ ਭਵਾਨੀਗੜ੍ਹ ਵੱਲ ਮੁੜ ਰਹੇ ਇੱਕ ਵੱਡੇ ਟੈਂਕਰ ਦੇ ਪਿੱਛੇ ਟਕਰਾ ਗਈ। ਇਸ ਸਬੰਧੀ ਪੁਲੀਸ ਮੁਲਾਜ਼ਮ ਨੇ ਦੱਸਿਆ ਕਿ ਉਹ ਜ਼ਖ਼ਮੀ ਹੋਏ ਲੋਕਾਂ ਨੂੰ ਸੰਭਾਲ ਹੀ ਰਹੇ ਸਨ ਕਿ ਬੱਸ ਦੇ ਪਿੱਛੇ ਇੱਕ ਹੋਰ ਕਾਰ ਆ ਵੱਜੀ। ਪਿੱਛੇ ਆ ਰਹੇ ਤੇਲ ਟੈਂਕਰ ਦੇ ਚਾਲਕ ਦੇ ਅਚਾਨਕ ਬਰੇਕ ਲਾਉਣ ਕਾਰਨ ਪਿੱਛੋਂ ਆ ਰਹੀ ਟੈਂਕਰ ਨਾਲ ਟਕਰਾ ਗਈ।
ਕਾਲਝਾੜ/ਚੰਨੋਂ ਪੁਲੀਸ ਚੌਕੀ ਦੇ ਇੰਚਾਰਜ ਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ’ਚ ਇੱਕ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਬੱਸ ਦੇ ਡਰਾਈਵਰ ਬਲਵਿੰਦਰ ਸਿੰਘ ਤੇ ਕੰਡਕਟਰ ਸੁਰਿੰਦਰ ਕੁਮਾਰ ਨੂੰ ਰਜਿੰਦਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ ਜਦਕਿ ਅਮਰਜੀਤ ਸਿੰਘ (40) ਬਰਨਾਲਾ, ਬਲਵਿੰਦਰ ਸਿੰਘ (60) ਬਠਿੰਡਾ ਤੇ ਈਸ਼ਿਤਾ (18) ਸੰਗਰੂਰ ਨੂੰ ਭਵਾਨੀਗੜ੍ਹ ਤੇ ਹਰਮਨਦੀਪ ਕੌਰ ਵਾਸੀ ਹਰਦਿੱਤਪੁਰਾ, ਚਤਿੰਨ ਕੌਰ ਸੰਗਰੂਰ, ਅਜੈਬ ਸਿੰਘ ਸੰਗਰੂਰ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਤੇ ਵੱਡੇ ਟੈਂਕਰ ਚਾਲਕ ਦੀ ਲਾਪਰਵਾਹੀ ਨਾਲ ਵਾਪਰਿਆ ਹੈ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਦਿੜ੍ਹਬਾ ਮੰਡੀ ਨੇੜੇ ਅੱਜ ਧੁੰਦ ਕਾਰਨ ਕਈ ਵਾਹਨ ਟਕਰਾਉਣ ਮਗਰੋਂ ਦੋ ਜਣੇ ਜ਼ਖ਼ਮੀ ਹੋ ਗਏ। ਇਸ ਹਾਦਸੇ ’ਚ ਟਰਾਲਾ, ਬੱਸ ਤੇ ਕਈ ਹੋਰ ਵਾਹਨ ਨੁਕਸਾਨੇ ਗਏ। ਥਾਣਾ ਦਿੜ੍ਹਬਾ ਦੇ ਏਐਸਆਈ ਰਵੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
ਦੋ ਕਾਰਾਂ ਦੀ ਟੱਕਰ ’ਚ ਪੰਜ ਜ਼ਖ਼ਮੀ
ਸਮਾਣਾ (ਅਸ਼ਵਨੀ ਗਰਗ): ਇੱਥੇ ਸਮਾਣਾ-ਪਟਿਆਲਾ ਰੋਡ ’ਤੇ ਪਿੰਡ ਚੌਂਹਠ ਨੇੜੇ ਵਾਪਰੇ ਸੜਕ ਹਾਦਸੇ ਵਿਚ ਪੀਆਰਟੀਸੀ ਬੱਸ ਦੀ ਫੇਟ ਲੱਗਣ ਤੋਂ ਬਾਅਦ ਬੇਕਾਬੂ ਹੋਈ ਕਾਰ ਸਾਹਮਣਿਓਂ ਆ ਰਹੀ ਕਾਰ ਨਾਲ ਟਕਰਾ ਗਈ। ਇਸ ਕਾਰਨ ਦੋਵੇਂ ਕਾਰਾਂ ਵਿਚ ਸਵਾਰ ’ਚ ਪੰਜ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਉਨ੍ਹਾਂ ਵਿਚੋਂ ਇੱਕ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬੱਸ ਡਰਾਈਵਰ ਮੌਕੇ ਤੋਂ ਬੱਸ ਸਮੇਤ ਫ਼ਰਾਰ ਹੋ ਗਿਆ। ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।