ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 17 ਸਤੰਬਰ
ਪਿੰਡ ਘੁੰਮਣ ਕਲਾਂ ਵਿੱਚ ਹੱਡਾ-ਰੋੜੀ ਵਿਵਾਦ ਕਾਰਨ ਲੰਘੇ ਦਿਨ ਪੁਲੀਸ ਤੇ ਪਿੰਡ ਵਾਸੀਆਂ ਵਿਚਾਲੇ ਟਕਰਾਅ ਤੋਂ ਬਾਅਦ ਦੇਰ ਰਾਤ ਮੌੜ ਪੁਲੀਸ ਨੇ ਇੱਕ ਔਰਤ ਸਮੇਤ 10 ਜਣਿਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਇਹ ਕਾਰਵਾਈ ਫੀਲਡ ਕਾਨੂੰਗੋ ਲਵਪ੍ਰੀਤ ਸਿੰਘ ਦੇ ਬਿਆਨਾਂ ’ਤੇ ਕੀਤੀ ਹੈ। ਪੁਲੀਸ ਮੁਤਾਬਕ ਪਿੰਡ ਵਾਸੀਆਂ ਨੀਟਾ ਸਿੰਘ, ਕਮਲਪ੍ਰੀਤ ਸਿੰਘ, ਸਤਨਾਮ ਸਿੰਘ, ਬੰਤਾ ਸਿੰਘ, ਰਾਮਜੀਤ ਸਿੰਘ, ਨਹਿਰੂ ਸਿੰਘ, ਗੁਰਜੀਤ ਸਿੰਘ, ਪਾਲੂ ਸਿੰਘ, ਨਛੱਤਰ ਸਿੰਘ ਸਮੇਤ ਕਰਮੀ ਕੌਰ ਖ਼ਿਲਾਫ਼ ਧਾਰਾ 307, 353, 186, 332, 148, 149 ਤੇ 427 ਅਧੀਨ ਮਾਮਲਾ ਦਰਜ ਕਰਨ ਮਗਰੋਂ ਕਈ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਹੁਣ ਤੱਕ ਕੁੱਲ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।