ਗੁਰਿੰਦਰ ਸਿੰਘ
ਲੁਧਿਆਣਾ, 3 ਅਕਤੂਬਰ
ਇੱਥੋਂ ਦੀ ਐੱਸਟੀਐੱਫ ਦੀ ਟੀਮ ਨੇ ਇੱਕ ਜਿਮ ਟਰੇਨਰ ਨੂੰ ਕਾਬੂ ਕਰਕੇ ਉਸ ਕੋਲੋਂ ਕਰੋੜਾਂ ਰੁਪਏ ਦੇ ਮੁੱਲ ਦੀ 2 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਉਹ ਕਾਰ ਵਿੱਚ ਰੱਖ ਕੇ ਗਾਹਕਾਂ ਨੂੰ ਵੇਚਣ ਜਾ ਰਿਹਾ ਸੀ।
ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਹੈ ਕਿ ਲੁਧਿਆਣਾ ਐੱਸਟੀਐੱਫ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਟੀਮ ਨੂੰ ਸੂਚਨਾ ਮਿਲੀ ਕਿ ਕੋਟ ਮੰਗਲ ਸਿੰਘ ਵਾਸੀ ਜਸਪਾਲ ਸਿੰਘ ਉਰਫ਼ ਦੀਪ (25) ਹੈਰੋਇਨ ਵੇਚਦਾ ਹੈ ਤੇ ਉਸ ਨੇ ਨਿਊ ਅਮਨ ਨਗਰ ਕਰਤਾਰ ਚੌਕ ਸਾਹਮਣੇ ਮਾਤਾ ਮੰਦਰ ਸ਼ਿਮਲਾਪੁਰੀ ਵਿੱਚ ਕਿਰਾਏ ਦਾ ਮਕਾਨ ਲਿਆ ਹੋਇਆ ਹੈ। ਪੁਲੀਸ ਨੇ ਛਾਪਾ ਮਾਰ ਕੇ ਜਸਪਾਲ ਸਿੰਘ ਨੂੰ ਕਾਬੂ ਕੀਤਾ ਤੇ ਨੇੜਲੀ ਗਲੀ ਵਿੱਚ ਖੜ੍ਹੀ ਉਸ ਦੀ ਕਾਰ ਜ਼ਬਤ ਕੀਤੀ ਜਿਸ ਵਿੱਚ ਉਹ ਹੈਰੋਇਨ ਰੱਖ ਕੇ ਗਾਹਕਾਂ ਨੂੰ ਸਪਲਾਈ ਦੇਣ ਲਈ ਜਾ ਰਿਹਾ ਸੀ।
ਇੰਸਪੈਕਟਰ ਹਰਬੰਸ ਸਿੰਘ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਡਰਾਈਵਰ ਸੀਟ ਦੇ ਹੇਠਾਂ ਲੈਪਟਾਪ ਵਾਲੇ ਬੈਗ ਵਿੱਚੋਂ ਹੈਰੋਇਨ ਤੋਂ ਇਲਾਵਾ ਇਕ ਛੋਟਾ ਕੰਪਿਊਟਰ ਕੰਡਾ ਅਤੇ ਪਲਾਸਟਿਕ ਦੇ ਲਿਫਾਫੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਜਸਪਾਲ ਸਿੰਘ ਉਰਫ਼ ਦੀਪ ਨੇ ਦੱਸਿਆ ਹੈ ਕਿ ਉਹ ਪਹਿਲਾਂ ਪਿੰਡ ਗਿੱਲ ਸਥਿਤ ਇਕ ਜਿਮ ਵਿਚ ਟਰੇਨਰ ਵਜੋਂ ਕੰਮ ਕਰਦਾ ਸੀ ਪਰ ਲੌਕਡਾਊਨ ਤੋਂ ਬਾਅਦ ਉਹ ਵਿਹਲਾ ਹੋ ਗਿਆ ਅਤੇ ਉਸ ਨੂੰ ਨਸ਼ਿਆਂ ਦੀ ਆਦਤ ਪੈ ਗਈ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਹੈਰੋਇਨ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।