ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਮਈ
ਗੋਆ ਦੇ ਰਾਜਭਵਨ ਵਿੱਚ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਗੋਆ ਦੇ ਰਾਜਪਾਲ ਪੀਐੱਸ ਸ੍ਰੀਧਰਨ ਪਿਲੱਈ ਤੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸ਼ਮੂਲੀਅਤ ਕੀਤੀ। ਇਹ ਗੁਰਮਤਿ ਸਮਾਗਮ ਗੋਆ ਦੇ ਰਾਜਪਾਲ ਵੱਲੋਂ ਗੁਰੂ ਸਿੰਘ ਸਭਾ, ਬੇਇਮ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਕਰਾਇਆ ਗਿਆ।
ਮੁੰਬਈ ਦੀ ਸਿੱਖ ਜਥੇਬੰਦੀ ਸੁਪਰੀਮ ਸਿੱਖ ਕੌਂਸਲ, ਨਵੀਂ ਮੁੰਬਈ ਦੇ ਚੇਅਰਮੈਨ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਮਾਗਮ ਵਿੱਚ ਗੋਆ ਦੇ ਰਾਜਪਾਲ ਸ੍ਰੀਧਰਨ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਉਨ੍ਹਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਿੱਜਦਾ ਕਰਦਿਆਂ ਕਿਹਾ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਹਿੰਦੂਆਂ ਦਾ ਜਬਰੀ ਧਰਮ ਕਰਨ ਖ਼ਿਲਾਫ਼ ਲੜਾਈ ਵਿੱਚ ਗੁਰੂ ਤੇਗ ਬਹਾਦਰ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ। ਉਨ੍ਹਾਂ ਲੋਕਾਂ ਨੂੰ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਧਰਮ ਤੇ ਮਾਨਵਤਾ ਖ਼ਾਤਰ ਦਿੱਤੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਹਰ ਸਾਲ ਰਾਜ ਭਵਨ ਵਿੱਚ ਗੁਰਮਤਿ ਸਮਾਗਮ ਕਰਵਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਕਮੇਟੀ ਗੋਆ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮ ਅਤੇ ਸੁਪਰੀਮ ਸਿੱਖ ਕੌਂਸਲ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ ਨੇ ਰਾਜਪਾਲ ਤੇ ਉਨ੍ਹਾਂ ਦੀ ਪਤਨੀ ਦਾ ਸਨਮਾਨ ਕੀਤਾ। ਸਮਾਗਮ ਵਿਚ ਵੱਖ-ਵੱਖ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਤੇ ਹੋਰ ਸਿੱਖ ਨੁਮਾਇੰਦੇ ਸ਼ਾਮਲ ਸਨ।